Sunday, May 27, 2012


ਕੇਂਦਰੀ ਸਿੱਖ ਅਜਾਇਬ ਘਰ
ਕੇਂਦਰੀ ਸਿੱਖ ਅਜਾਇਬ ਘਰ ਦਾ ਅੰਦਰੂਨੀ ਦ੍ਰਿਸ਼
















ਕੇਂਦਰੀ ਸਿੱਖ ਅਜਾਇਬ ਘਰ ਕਲਾ ਦੀ ਦੁਨੀਆ ਵਿਚ ਆਪਣਾ ਨਿਵੇਕਲਾ ਸਥਾਨ ਰੱਖਦਾ ਹੈ। ਇਹ 1957 ਵਿਚ ਪ੍ਰਿੰਸੀਪਲ ਸਤਿਬੀਰ ਸਿੰਘ ਦੀ ਤਜਵੀਜ਼ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਵਕਤ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਨੇ ਡੂੰਘੀ ਦਿਲਚਸਪੀ ਲੈ ਕੇ ਸ੍ਰੀ ਦਰਬਾਰ ਸਾਹਿਬ ਦੀ ਘੰਟਾ ਘਰ ਵਾਲੀ ਬਾਹੀ ਵੱਲ ਬਣਵਾਇਆ ਗਿਆ। ਉਸ ਵਕਤ ਕੇਵਲ ਵੱਡਾ ਹਾਲ ਤੇ ਦੋ ਛੋਟੇ ਕਮਰੇ ਸਨ, ਜੋ ਸੰਤ ਬਾਬਾ ਝੰਡਾ ਸਿੰਘ ਕਾਰਸੇਵਾ ਵਾਲਿਆਂ ਤਿਆਰ ਕੀਤੇ ਸਨ। ਕਈ ਪਤਵੰਤਿਆਂ, ਸਿੰਘ ਸਾਹਿਬ ਗਿਆਨੀ ਅੱਛਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਜਥੇਦਾਰ ਕ੍ਰਿਪਾਲ ਸਿੰਘ ਚੱਕਸ਼ੇਰਾ, ਸ: ਸਰੂਪ ਸਿੰਘ, ਪ੍ਰਿੰਸੀਪਲ ਸਤਿਬੀਰ ਸਿੰਘ, ਸ: ਨਿਰਭੈ ਸਿੰਘ ਢਿੱਲੋਂ, ਸ: ਪਰਦੂਮਣ ਸਿੰਘ ਆਜ਼ਾਦ ਅਤੇ ਗਿਆਨੀ ਕੇਹਰ ਸਿੰਘ ਵੈਰਾਗੀ ਦੀ ਹਾਜ਼ਰੀ ਵਿਚ ਕੇਂਦਰੀ ਸਿੱਖ ਅਜਾਇਬ ਦਾ ਉਦਘਾਟਨ 4 ਜੁਲਾਈ 1958 ਨੂੰ ਕੀਤਾ ਗਿਆ
ਕੇਂਦਰੀ ਸਿੱਖ ਅਜਾਇਬ ਘਰ ਦੀ ਸਥਾਪਨਾ ਵਿਚ ਜਿਥੇ ਮਾਸਟਰ ਤਾਰਾ ਸਿੰਘ, ਸ: ਕ੍ਰਿਪਾਲ ਸਿੰਘ ਚੱਕ ਸ਼ੇਰੇਵਾਲਾ, ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਪ੍ਰੇਰਨਾ ਤੇ ਵਿੱਤੀ ਫੰਡ ਮੁਹੱਈਆ ਕੀਤੇ, ਉਥੇ ਸ: ਭਾਨ ਸਿੰਘ, ਸ: ਮਨਜੀਤ ਸਿੰਘ ਕਲਕੱਤਾ ਨੇ ਆਪਣੇ ਸੇਵਾਕਾਲ ਦੌਰਾਨ ਨਿੱਜੀ ਦਿਲਚਸਪੀ ਵਿਖਾ ਕੇ ਇਸ ਨੂੰ ਸੰਵਾਰਨ ਵਿਚ ਵੱਡਾ ਹਿੱਸਾ ਪਾਇਆ। ਤੋਸ਼ਾਖਾਨਾ ਲਾਹੌਰ ਤੋਂ ਇਤਿਹਾਸਕ ਵਸਤਾਂ, ਦਸਮ ਪਾਤਸ਼ਾਹ ਦਾ ਗਾਤਰਾ, ਕੰਘਾ, ਕਮਰਕੱਸਾ, ਸਿਰੀ ਸਾਹਿਬ ਮਹਾਰਾਜਾ ਰਣਜੀਤ ਸਿੰਘ ਦੀ (ਜਿਸ ਨਾਲ ਕਸੂਰ ਫਤਹਿ ਕੀਤਾ), ਸਿਰੀ ਸਾਹਿਬ ਸ: ਮਹਿਤਾਬ ਸਿੰਘ ਮੀਰਾਂ ਕੋਟ ਦੀ (ਜਿਸ ਨਾਲ ਮੱਸੇ ਰੰਗੜ ਦਾ ਸਿਰ ਲਾਹਿਆ), ਮਿਸ ਐਮਲੀ ਐਡਨ ਦੇ ਬਣੇ ਹੋਏ ਕੁਝ ਪੈਨਸਲ ਸਕੈਚ (ਜੋ ਮਹਾਰਾਜਾ ਰਣਜੀਤ ਸਿੰਘ ਕਾਲ ਨਾਲ ਸਬੰਧਤ ਹਨ) ਵੀ ਲਿਆ ਕੇ ਰੱਖੇ ਗਏ।
ਮਹਾਰਾਜਾ ਦਲੀਪ ਸਿੰਘ ਦੀ ਮੋਤੀਆਂ ਦੀ ਮਾਲਾ, ਫਕੀਰ ਅਜੀਜ਼ਉਦੀਨ ਦੇ ਪੋਤਰੇ ਪਾਸੋਂ (ਲਾਹੌਰ ਤੋਂ) ਲਿਆ ਕੇ ਰੱਖੀ ਗਈ ਇਤਿਹਾਸਕ ਸ਼ਸਤਰ ਕਟਾਰਾਂ, ਕਿਰਚਾਂ, ਖੋਖਰੀਆਂ, ਜੰਗੀ ਸੰਜੋਅ, ਅਠਾਰਵੀਂ ਸਦੀ ਦੇ ਸ਼ਸਤਰ, ਪਿਸਤੌਲ ਮਹਾਰਾਜਾ ਰਣਜੀਤ ਸਿੰਘ ਦੇ ਫਰਾਂਸੀਸੀ ਜਰਨੈਲ ਦਾ, ਗੁਰਦੁਆਰਾ ਮੋਤੀ ਬਾਗ ਪਟਿਆਲਾ ਤੋਂ ਪ੍ਰਾਪਤ ਕਰਕੇ ਰੱਖੇ ਗਏ। ਹੱਥ-ਲਿਖਤ (ਖਰੜੇ) ਪੋਥੀਆਂ, ਛੇਵੇਂ ਪਾਤਸ਼ਾਹ ਦੇ ਦਸਤਖਤਾਂ ਵਾਲਾ ਗ੍ਰੰਥ, ਚੱਕਰ ਬਾਬਾ ਦੀਪ ਸਿੰਘ ਦੇ (ਦੁਮਾਲੇ ਸਜਾਉਣ ਵਾਲੇ), ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਿਆ ਕੇ ਰੱਖੇ ਸੁਤਰ ਜੰਬੂਰ, (ਤੋਪ) ਤੋੜੇਦਾਰ ਬੰਦੂਕ, ਗੋਲੀਆਂ ਅਤੇ ਗੋਲੇ, ਗੁਰਦੁਆਰਾ ਧਮਧਾਨ ਸਾਹਿਬ ਜੀਂਦ ਤੋਂ ਪ੍ਰਾਪਤ ਕਰਕੇ ਰੱਖੇ ਗਏ। ਬਹੁਤ ਸਾਰੇ ਸਿੱਖ ਰਾਜ ਦੇ ਸਿੱਕੇ, ਨੇਜ਼ੇ, ਭਾਲੇ ਸੰਗਤਾਂ ਨੇ ਭੇਟ ਕੀਤੇ। ਮਹਾਨ ਵਿਦਵਾਨਾਂ, ਕਲਾਕਾਰਾਂ, ਲਿਖਾਰੀਆਂ, ਜਿਨ੍ਹਾਂ ਵਿਅਕਤੀਆਂ ਨੇ ਸਿੱਖ ਇਤਿਹਾਸ ਸਿੱਖੀ ਸਰੂਪ ਵਿਚ ਰਹਿ ਕੇ ਲਿਖਿਆ, ਉਨ੍ਹਾਂ ਵਿਅਕਤੀਆਂ ਦੇ ਫੋਟੋਗਰਾਫ ਇਕੱਤਰ ਕੀਤੇ ਗਏ। ਵਾਜੇ, ਖੜਤਾਲਾਂ, ਤਬਲੇ, ਸਿਤਾਰ, ਤਾਊਸ, ਦਿਲਰੁਬਾ, ਸਾਰੰਗੀ, ਸਾਰੰਦਾ ਸਾਜ਼ ਜਿਨ੍ਹਾਂ ਨਾਲ ਪੁਰਾਤਨ ਸਿੰਘ ਗੁਰਬਾਣੀ ਦਾ ਕੀਰਤਨ ਕਰਦੇ ਰਹੇ, ਇਕੱਤਰ ਕੀਤੇ ਗਏ ਅਤੇ ਸ਼ੋਅ ਕੇਸਾਂ ਵਿਚ ਸਜਾ ਕੇ ਸੰਗਤਾਂ ਦੇ ਦਰਸ਼ਨਾਂ ਲਈ ਰੱਖੇ ਗਏ। 4 ਜੁਲਾਈ 1955 ਨੂੰ ਜਿਹੜੇ ਟੀਅਰ ਗੈਸ ਸੇਲ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਪੁਲਸ ਵਲੋਂ ਸੁੱਟੇ ਗਏ, ਰੱਖੇ ਗਏ ਹਨ।
ਹੁਕਮਨਾਮਾ ਮਾਤਾ ਗੁਜਰੀ ਜੀ, ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰੀ ਹੱਥ-ਲਿਖਤ ਪੱਤਰਾ ਦਸਮ ਪਾਤਸ਼ਾਹ (ਫਾਰਸੀ ਵਿਚ) ਦੋ ਫੋਟੋਗ੍ਰਾਫ ਪ੍ਰਾਪਤ ਕਰਕੇ ਰੱਖੇ ਗਏ। ਕਾਂਗੜਾ ਆਰਟ, ਪੰਜਾਬ ਸਕੂਲ ਆਫ ਆਰਟ, ਨੀਡਲ ਵਰਕ, ਕਸ਼ਮੀਰੀ ਆਰਟ, ਮਿਨੇਚਰ ਚਿੱਤਰ, ਸਿੱਖ ਰਾਜ ਅਤੇ ਗੁਰੂ ਸਾਹਿਬਾਂ ਦੇ ਪ੍ਰਾਪਤ ਕਰਕੇ ਰੱਖੇ ਗਏ।  
ਇਸਦੇ ਪਹਿਲੇ ਕਿਉਰੇਟਰ ਸ: ਭਾਨ ਸਿੰਘ, ਚਿੱਤਰਕਾਰ ਸ: ਕ੍ਰਿਪਾਲ ਸਿੰਘ, ਗੈਲਰੀ ਮਾਸਟਰ ਸ: ਅਵਤਾਰ ਸਿੰਘ ਲਗਾਏ ਗਏ ਅਤੇ ਹੋਰ ਸਟਾਫ ਨਿਯੁਕਤ ਕੀਤਾ ਗਿਆਸ: ਕ੍ਰਿਪਾਲ ਸਿੰਘ ਚਿੱਤਰਕਾਰ ਪਾਸੋਂ 17 ਚਿੱਤਰ ਸਿੱਖ ਅਰਦਾਸ ਨਾਲ ਸਬੰਧਤ ਤਿਆਰ ਕਰਵਾ ਕੇ ਹਾਲ ਵਿਚ ਸੁਸ਼ੋਭਿਤ ਕਰਕੇ ਸੰਗਤਾਂ ਦੇ ਦਰਸ਼ਨਾਂ ਲਈ ਰੱਖ ਦਿੱਤੇ ਗਏ। 53 ਸਾਲ ਵਿੱਚ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਕਈ ਚਿੱਤਰਕਾਰਾਂ ਨੇ ਆਪਣੀ ਕਲਾ ਰਾਹੀਂ ਸਿੱਖ ਇਤਿਹਾਸ ਚਿੱਤਰਿਆ, ਜਿਨ੍ਹਾਂ ਵਿਚ ਮਾਸਟਰ ਗੁਰਦਿੱਤ ਸਿੰਘ, ਸ: ਜੀ. ਐਸ. ਠਾਕਰ ਸਿੰਘ, ਸ੍ਰੀ ਜੀ. ਐਸ. ਸੋਹਨ ਸਿੰਘ, ਸ੍ਰੀ ਬੋਧਰਾਜ, ਸ: ਅਮਰ ਸਿੰਘ, ਸ: ਦੇਵਿੰਦਰ ਸਿੰਘ, ਸ: ਅਮਲੋਕ ਸਿੰਘ, ਸ: ਭੁਪਿੰਦਰ ਸਿੰਘ, ਸ੍ਰੀ ਜੀ. ਐਸ. ਸੋਹਨ ਸਿੰਘ ਦੀ ਵੰਸ਼ 'ਚ ਹੀ ਸ੍ਰੀ ਸਤਪਾਲ ਸਿੰਘ ਦਾਨਿਸ਼, ਸ: ਕੁਲਵੰਤ ਸਿੰਘ ਗਿੱਲ ਅਤੇ ਸ: ਗੁਰਵਿੰਦਰਪਾਲ ਸਿੰਘ ਦੇ ਨਾਂਅ ਸ਼ਾਮਲ ਹਨ। ਇਸ ਅਜਾਇਬ ਘਰ ਵਿਚ ਵਿਸ਼ੇਸ਼ ਤੌਰ 'ਤੇ ਅਰਦਾਸ ਅਧਾਰਿਤ ਜਿਨ੍ਹਾਂ ਸਿੰਘਾਂ-ਸਿੰਘਣੀਆਂ ਵਲੋਂ ਧਰਮ ਹੇਤ ਸੀਸ ਦਿੱਤੇ, ਬੰਦ-ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਵਾਏ ਗਏ, ਦੇਗਾਂ ਵਿਚ ਉਬਾਲੇ ਗਏ, ਗੁਰਦੁਆਰਿਆਂ ਦੀ ਸੇਵਾ ਅਤੇ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਅਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਦੇ ਵਿਸ਼ਿਆਂ ਨੂੰ ਚਿੱਤਰਾਂ ਰਾਹੀਂ ਪ੍ਰਭਾਵਸ਼ਾਲੀ ਢੰਗ ਨਾਲ ਸ: ਕ੍ਰਿਪਾਲ ਸਿੰਘ ਵਲੋਂ ਉਲੀਕਿਆ ਗਿਆ ਹੈ, ਜਿਸ ਤੋਂ ਸਾਨੂੰ ਸਿੰਘਾਂ ਦੀ ਸੂਰਬੀਰਤਾ ਨਾਲ ਸ਼ਹਿਣਸ਼ੀਲਤਾ ਬਾਰੇ ਜਾਣਕਾਰੀ ਮਿਲਦੀ ਹੈ। ਸਿੱਖ ਇਤਿਹਾਸ, ਸੱਭਿਆਚਾਰਕ, ਪ੍ਰੰਪਰਾਵਾਂ ਅਤੇ ਦੇਸ਼ ਦੀ ਅਜ਼ਾਦੀ ਲਈ ਦਿੱਤੀਆਂ ਸ਼ਹੀਦੀਆਂ ਨੂੰ ਚਿੱਤਰਾਂ ਰਾਹੀਂ ਇਸ ਅਜਾਇਬ ਘਰ ਵਿਚ ਉਜਾਗਰ ਕਰਨ ਦਾ ਯਤਨ ਕੀਤਾ ਗਿਆ ਹੈ। ਇਸ ਅਜਾਇਬ ਘਰ ਵਿੱਚ ਸਮੁੱਚੇ ਸਿੱਖ ਇਤਿਹਾਸ ਨੂੰ ਦਰਸ਼ਾਇਆ ਗਿਆ ਹੈ।
ਸਿੱਖ ਸ਼ਹੀਦਾਂ ਦੇ ਚਿੱਤਰਾਂ ਨੂੰ ਸ: ਕ੍ਰਿਪਾਲ ਸਿੰਘ ਚਿੱਤਰਕਾਰ ਨੇ ਆਪਣੀ 8 ਸਾਲਾਂ ਦੀ ਸੇਵਾ ਦੌਰਾਨ ਬੜਾ ਬਾਖੂਬੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਿੱਤਰਿਆ। 1961 ਵਿਚ ਸ: ਕ੍ਰਿਪਾਲ ਸਿੰਘ ਚਿੱਤਰਕਾਰ ਦੇ ਸੇਵਾ ਛੱਡ ਜਾਣ ਮਗਰੋਂ 1963 ਵਿਚ ਮਾਸਟਰ ਗੁਰਦਿੱਤ ਸਿੰਘ ਬਤੌਰ ਚਿੱਤਰਕਾਰ ਨਿਯੁਕਤ ਹੋਏ। ਇਨ੍ਹਾਂ ਨੇ ਇਤਿਹਾਸ ਦਰਸਾਉਂਦੇ ਚਿੱਤਰ ਤਿਆਰ ਕੀਤੇ। 1981 ਵਿਚ ਮਾਸਟਰ ਗੁਰਦਿੱਤ ਸਿੰਘ ਚਿੱਤਰਕਾਰ ਦੇ ਅਕਾਲ ਚਲਾਣੇ ਪਿਛੋਂ ਸ: ਅਮੋਲਕ ਸਿੰਘ ਨੂੰ ਚਿੱਤਰਕਾਰ ਵਜੋਂ ਨਿਯੁਕਤ ਕੀਤਾ ਗਿਆ। ਇਨ੍ਹਾਂ ਕਾਫੀ ਚਿੱਤਰ ਬਣਾਏ ਤੇ ਲੰਮਾ ਸਮਾਂ ਕੰਮ ਕੀਤਾ। ਇਨ੍ਹਾਂ ਤੋਂ ਬਾਅਦ ਸ: ਭੁਪਿੰਦਰ ਸਿੰਘ ਧਨੌਲਾ ਚਿੱਤਰਕਾਰ ਆਏ ਪਰ ਉਹ ਇਥੇ ਟਿਕ ਨਾ ਸਕੇ। ਸ: ਗੁਰਵਿੰਦਰਪਾਲ ਸਿੰਘ ਚਿੱਤਰਕਾਰ ਕਾਫੀ ਸਮੇਂ ਤੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਕਾਫੀ ਚਿੱਤਰ ਬਣਾਏ ਹਨ।  
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ: ਸੋਭਾ ਸਿੰਘ ਚਿੱਤਰਕਾਰ ਪਾਸੋਂ 10 ਅਤੇ ਸ: ਠਾਕਰ ਸਿੰਘ ਚਿੱਤਰਕਾਰ ਪਾਸੋਂ 4 ਚਿੱਤਰ ਤਿਆਰ ਕਰਵਾ ਕੇ ਸੁਸ਼ੋਭਿਤ ਕੀਤੇ। ਅਜਾਇਬ ਘਰ ਦੀ ਪੰਜਾਬ, ਹਿੰਦੋਸਤਾਨ ਅਤੇ ਵਿਦੇਸ਼ ਵਸਦੀਆਂ ਸਮੂਹ ਸੰਗਤਾਂ ਵਿਚ ਬਹੁਤ ਸ਼ਲਾਘਾ ਹੋਈ। ਇਸ ਤਰ੍ਹਾਂ ਸਿੱਖ ਇਤਿਹਾਸ ਤੇ ਵਿਰਾਸਤ ਨੂੰ ਮੂਕ ਭਾਸ਼ਾ ਰਾਹੀਂ ਦਰਸਾਉਂਦੇ ਇਨ੍ਹਾਂ ਚਿੱਤਰਾਂ ਦੀ ਪ੍ਰੰਪਰਾ ਚਾਲੂ ਹੋਈ। ਸੰਗਤਾਂ ਵਿਚ ਅਜਾਇਬ ਘਰ ਵੇਖਣ ਦਾ ਉਤਸ਼ਾਹ ਵਧਦਾ ਗਿਆ। 1975 ਵਿਚ ਨਾਲ ਲਗਦੀ ਥਾਂ 'ਤੇ ਤਿੰਨ ਹਾਲ ਕਮਰੇ ਅਜਾਇਬ ਘਰ ਲਈ ਬਣਵਾ ਕੇ ਸ਼ਾਮਲ ਕੀਤੇ ਗਏ।
ਚਿੱਤਰਾਂ ਨੂੰ ਸਮੇਂ ਦੀ ਵੰਡ ਅਨੁਸਰ ਸੁਸ਼ੋਭਿਤ ਕੀਤਾ ਗਿਆ। ਵੱਡੇ ਹਾਲ ਨੂੰ ਗੁਰੂ ਸਾਹਿਬਾਂ ਨਾਲ ਸਬੰਧਤ ਅਤੇ ਸਮਕਾਲੀ ਸ਼ਹੀਦਾਂ ਦੇ ਚਿੱਤਰ ਸਜਾਉਣ ਲਈ ਇਸਤੇਮਾਲ ਕੀਤਾ ਗਿਆ ਹੈ। ਹਾਲ ਨੰ: 2 ਵਿਚ ਬਾਬਾ ਬੰਦਾ ਸਿੰਘ ਬਹਾਦਰ ਅਤੇ 18ਵੀਂ ਸਦੀ ਦੇ ਚਿੱਤਰਾਂ ਨੂੰ ਤਰਤੀਬ ਨਾਲ ਸਜਾਇਆ ਗਿਆ ਹੈ। ਹਾਲ ਨੰ: 3 ਵਿਚ ਸਿੱਖ ਮਿਸਲਾਂ, ਸਿੱਖ ਰਾਜ ਦੇ ਉਸਰਈਏ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਚਿੱਤਰ ਅਤੇ ਅਕਾਲੀ ਮੋਰਚਿਆਂ ਨਾਲ ਸਬੰਧਤ ਚਿੱਤਰ ਸੁਸ਼ੋਭਿਤ ਕੀਤੇ ਗਏ ਹਨ। ਹਾਲ ਨੰ: 4 ਵਿਚ ਵਿਸ਼ੇਸ਼ ਸ਼ਖ਼ਸੀਅਤਾਂ, ਕਾਰ ਸੇਵਾ ਵਾਲੇ ਸੰਤਾਂ, ਸਿੱਖ ਸ਼ਹੀਦਾਂ, ਸਿੱਖ ਸਕਾਲਰ ਆਦਿ ਦੇ ਵਿਅਕਤੀਗਤ ਚਿੱਤਰ ਸਜਾਏ ਗਏ ਹਨ, ਦੋ ਹਾਲ ਫਿਰ ਇਸ ਨਾਲ ਜੋੜ ਦਿੱਤੇ ਗਏ। ਇਸ ਤਰ੍ਹਾਂ 5ਵੇਂ ਤੇ 6ਵੇਂ ਹਾਲ ਵਿਚ ਸਮਾਜ ਸੇਵਕਾਂ, ਢਾਡੀਆਂ, ਕੀਰਤਨੀਆਂ, ਸਿੱਖ ਫੌਜੀ ਅਫਸਰਾਂ ਤੇ ਰਾਜਨੀਤਕ ਆਗੂਆਂ ਦੇ ਚਿੱਤਰ ਲਗਾਏ ਗਏ ਹਨ।
ਸ: ਨਰਿੰਦਰ ਸਿੰਘ ਨੰਦਾ ਤੇ ਗਿਆਨੀ ਹਰਜੀਤ ਸਿੰਘ ਕਿਉਰੇਟਰ ਦੀ ਸੇਵਾ ਕਰਦੇ ਰਹੇ ਹਨ। ਅੱਜਕਲ ਸ: ਇਕਬਾਲ ਸਿੰਘ ਮੁਖੀ ਕਿਊਰੇਟਰ ਦੀ ਸੇਵਾ ਨਿਭਾਅ ਰਹੇ ਹਨ। ਹੁਣ ਕੇਂਦਰੀ ਸਿੱਖ ਅਜਾਇਬ ਘਰ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿਚ ਸੰਗਤਾਂ ਆਉਣ ਲੱਗ ਪਈਆਂ, ਜਿਸ ਨਾਲ ਮੌਜੂਦਾ ਹਾਲ ਅਤੇ ਕਮਰਿਆਂ ਦੀ ਜਗ੍ਹਾ ਬਹੁਤ ਘੱਟ ਮਹਿਸੂਸ ਹੋਣ ਲੱਗ ਪਈ। ਸਮੇਂ-ਸਮੇਂ, ਵੱਖ-ਵੱਖ ਪ੍ਰਧਾਨਾਂ ਤੇ ਸਕੱਤਰ ਸਾਹਿਬਾਨ ਨੇ ਇਸ ਦੀ ਵਿਲੱਖਣਤਾ ਬਣਾਉਣ ਵਿਚ ਸਹਿਯੋਗ ਪਾਇਆ ਹੈ।
ਕੰਵਰ ਦਲੀਪ ਸਿੰਘ ਦੀ ਮੋਤੀਆਂ ਦੀ ਮਾਲਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾ ਇੰਚ ਦੀ ਦਰਸ਼ਨੀ ਬੀੜ ਅਤੇ ਹੋਰ ਪੁਰਾਣੀ ਕਲਾ ਜੋ ਲਘੂ ਚਿੱਤਰਾਂ ਦੇ ਰੂਪ ਵਿਚ ਸੀ, ਤਬਾਹ ਹੋ ਗਿਆ। ਇਹ ਪਿਆ ਘਾਟਾ ਕਦੀ ਪੂਰਾ ਨਹੀਂ ਹੋ ਸਕਦਾ। ਅਜੇ 1984 ਦੇ ਹੋਏ ਨੁਕਸਾਨ ਨੂੰ ਪੂਰਾ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ ਕਿ ਦੁਬਾਰਾ ਬਲੈਕ ਥੰਡਰ ਆਪ੍ਰੇਸ਼ਨ (1987) ਦੌਰਾਨ ਵੀ ਅਜਾਇਬ ਘਰ ਨੂੰ ਫਿਰ ਕਾਫੀ ਨੁਕਸਾਨ ਪੁੱਜਾ। ਇਸ ਸਮੇਂ ਦੌਰਾਨ ਦੋ ਇੰਚੀ ਦਾ ਖੰਡਾ ਸਾਹਿਬਜ਼ਾਦਾ ਅਜੀਤ ਸਿੰਘ ਦਾ ਤੇ ਭਾਈ ਪੈੜੇ ਮੋਖੇ ਵਾਲੀ ਪੋਥੀ ਗੁੰਮ ਹੋ ਗਈ। 50 ਕੁ ਚਿੱਤਰਾਂ ਨੂੰ ਗੋਲੀਆਂ ਵੱਜੀਆਂ ਤੇ ਇਤਿਹਾਸਕ ਸਾਜ਼ ਬਿਲਕੁਲ ਤਬਾਹ ਹੋ ਗਏ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਉਣ ਵਾਲੇ ਸਮੇਂ ਵਿਚ ਗੁਰੂ ਸਾਹਿਬਾਨ ਨਾਲ ਸਬੰਧਤ ਸ਼ਸਤਰ, ਬਸਤਰ, ਅਸਤਰ ਤੇ ਹੋਰ ਵਸਤਾਂ ਥਾਂ-ਪੁਰ-ਥਾਂ ਤੋਂ ਇਕੱਠੀਆਂ ਕਰਕੇ ਕੇਂਦਰੀ ਸਿੱਖ ਅਜਾਇਬ ਘਰ ਸਜਾਉਣ ਦੀ ਪੂਰੀ-ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਸਮੇਂ ਵਿਚ ਅਜਾਇਬ ਘਰ ਦੀ ਹੋਰ ਵੱਖਰੀ ਦਿੱਖ ਨਿੱਖਰ ਕੇ ਸਾਹਮਣੇ ਆਵੇਗੀ। ਕੇਂਦਰੀ ਸਿੱਖ ਅਜਾਇਬ ਘਰ ਦੀ ਚੋਣਵੇਂ ਵਿਅਕਤੀਆਂ ਦੀ ਸਬ-ਕਮੇਟੀ ਹੈ, ਜਿਸ ਵਿਚ ਪੰਜਾਬ ਦੇ ਉੱਘੇ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਚਿੱਤਰਕਾਰ ਅਤੇ ਬੁੱਧੀਜੀਵੀ ਸ਼ਾਮਲ ਹਨ। ਇਹ ਸਬ-ਕਮੇਟੀ ਸਮੇਂ-ਸਮੇਂ ਅਜਾਇਬ ਘਰ ਨੂੰ ਹੋਰ ਚੰਗੇਰਾ, ਖੂਬਸੂਰਤ ਅਤੇ ਦਿਲ-ਖਿੱਚਵਾਂ ਬਣਾਉਣ ਵਿਚ ਸਹਿਯੋਗ ਅਤੇ ਸੁਝਾਅ ਦਿੰਦੀ ਹੈ।
ਕੇਂਦਰੀ ਸਿੱਖ ਅਜਾਇਬ ਘਰ ਰੋਜ਼ ਬਿਨਾਂ ਨਾਗਾ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਸੰਗਤਾਂ ਦੇ ਦਰਸ਼ਨਾਂ ਲਈ ਖੁੱਲ੍ਹਾ ਰਹਿੰਦਾ ਹੈ। ਇਸ ਦਾ 14 ਮੈਂਬਰਾਂ ਦਾ ਸਟਾਫ ਹੈ, ਜੋ ਹਰ ਸਮੇਂ ਸੰਗਤਾਂ ਦੀ ਸੇਵਾ ਕਰਨ ਲਈ ਤਤਪਰ ਰਹਿੰਦਾ ਹੈ। ਸ: ਇਕਬਾਲ ਸਿੰਘ ਮੁਖੀ ਕਿਉਰੇਟਰ, ਸ: ਗੁਰਵਿੰਦਰਪਾਲ ਸਿੰਘ ਚਿੱਤਰਕਾਰ, ਸ: ਸੁਖਵਿੰਦਰ ਸਿੰਘ ਸਹਾਇਕ ਚਿੱਤਰਕਾਰ, ਸ: ਸਤਨਾਮ ਸਿੰਘ ਕਲਰਕ, ਸ: ਇਕਬਾਲਜੀਤ ਸਿੰਘ ਇੰਚਾਰਜ, ਸ: ਲਖਬੀਰ ਸਿੰਘ ਲੱਖਾ ਸਟੋਰ ਕੀਪਰ, ਸ: ਸੋਹਣ ਸਿੰਘ ਘੰਨੂਪੁਰ ਪ੍ਰਦਰਸ਼ਨੀ ਇੰਚਾਰਜ ਤੋਂ ਇਲਾਵਾ 8 ਸੇਵਾਦਾਰ ਹਰ ਵੇਲੇ ਸੰਗਤਾਂ ਦੀ ਸੇਵਾ ਵਿਚ ਹਾਜ਼ਰ ਰਹਿੰਦੇ ਹਨ। ਕਿਉਰੇਟਰ ਤੇ ਸਹਿਯੋਗੀ ਅਜਾਇਬ ਘਰ ਵਿਖੇ ਸਿੱਖ ਇਤਿਹਾਸ ਦੀ ਜਾਣਕਾਰੀ ਸੰਗਤਾਂ ਨੂੰ ਵਿਸਥਾਰ ਸਹਿਤ ਸਮਝਾਉਂਦੇ ਹਨਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 1991 ਵਿਚ ਕੇਂਦਰੀ ਸਿੱਖ ਅਜਾਇਬ ਘਰ ਦੀਆਂ ਉੱਤਮ ਕਿਰਤਾਂ ਅਤੇ ਸਿੱਖ ਇਤਿਹਾਸ ਦੇ ਦ੍ਰਿਸ਼ ਵਾਕਿਅਤ ਘੱਲੂਘਾਰੇ, ਸ਼ਹੀਦਾਂ ਅਤੇ ਸਿੱਖ ਸ਼ਖ਼ਸੀਅਤਾਂ, ਦਰਬਾਰ ਸਾਹਿਬ ਦੀ ਅਨੂਪਮ ਜੀਵੰਤ ਕਲਾ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸੁਸ਼ੋਭਿਤ ਪਾਵਨ ਸ਼ਾਸਤਰ, ਸਿੱਖ ਕਾਲ ਦੇ ਸਿੱਕੇ ਆਦਿ ਯਾਦ-ਚਿੰਨਾਂ ਦੀਆਂ ਤਸਵੀਰਾਂ ਤੇ ਜਾਣਕਾਰੀ ਅਧਾਰਤ ਇਕ ਐਲਬਮ ਪ੍ਰਕਾਸ਼ਿਤ ਕੀਤੀ, ਜਿਸ ਨੂੰ ਸੰਗਤਾਂ ਵਲੋਂ ਬਹੁਤ ਪਸੰਦ ਕੀਤਾ ਗਿਆ। ਉਸ ਐਲਬਮ ਨੂੰ ਨਵੇਂ ਸਿਰਿਓਂ ਨਵੀਨਤਮ ਰੂਪ ਵਿਚ ਮੁੜ ਪ੍ਰਕਾਸ਼ਤ ਕਰਨ ਲਈ ਯਤਨ ਜਾਰੀ ਹਨ।
ਹੁਣ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ ਧਿਆਨ ਦੇ ਕੇ ਇਸ ਦੇ ਘੇਰੇ ਨੂੰ ਵਿਸ਼ਾਲ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਅਨੁਸਾਰ ਅਕਾਲੀ ਮਾਰਕੀਟ ਵਿਚ 100 ਕਰੋੜ ਰੁਪਏ ਦੀ ਲਾਗਤ ਨਾਲ ਅਜਾਇਬ ਘਰ ਲਈ ਇਮਾਰਤ ਦੀ ਉਸਾਰੀ ਕਰਵਾਈ ਜਾਵੇਗੀ। ਇਸ ਅਜਾਇਬ ਘਰ ਵਿਚ ਗੁਰੂਕਾਲ ਤੋਂ ਲੈ ਕੇ ਆਧੁਨਿਕ ਕਾਲ ਤੱਕ ਦੀਆਂ ਇਤਿਹਾਸਕ ਤੇ ਧਾਰਮਿਕ ਵਸਤਾਂ ਦੀ ਸੰਭਾਲ ਤੋਂ ਇਲਾਵਾ ਕੌਮ ਦੀਆਂ ਕੁਰਬਾਨੀਆਂ ਭਰੇ ਵਿਰਸੇ ਨੂੰ ਦਰਸਾਇਆ ਜਾਵੇਗਾ। ਇਸ ਅਜਾਇਬ ਘਰ ਦੀ ਉਸਾਰੀ ਦੀ ਅਰੰਭਤਾ ਵੀ ਫਰਵਰੀ ਵਿਚ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਅਜਾਇਬ ਘਰ ਨੂੰ ਸੰਗਤ ਦੀ ਪਹੁੰਚ ਦੇ ਨੇੜੇ ਲਿਆਉਣ ਲਈ ਵਿਸ਼ੇਸ਼ ਰਸਤੇ ਮੁਹੱਈਆ ਹੋਣਗੇ। 1984 ਦੇ ਫੌਜੀ ਹਮਲੇ ਦੌਰਾਨ ਕੇਂਦਰੀ ਸਿੱਖ ਅਜਾਇਬ ਘਰ ਨੂੰ ਕਾਫੀ ਨੁਕਸਾਨ ਹੋਇਆ। ਫੌਜੀ ਹਮਲੇ ਦੌਰਾਨ ਜਿਨ੍ਹਾਂ ਤਸਵੀਰਾਂ ਨੂੰ ਨੁਕਸਾਨ ਪੁੱਜਾ ਸੀ, ਕਰੜੀ ਘਾਲਣਾ ਨਾਲ ਤਸਵੀਰਾਂ ਦਰੁਸਤ ਕਰਕੇ ਦੁਬਾਰਾ ਸੰਗਤਾਂ ਦੇ ਦਰਸ਼ਨਾਂ ਲਈ ਸੁਸ਼ੋਭਿਤ ਕਰ ਦਿੱਤੀਆਂ ਗਈਆਂ ਹਨ।

No comments:

Post a Comment

Comment Here