ਅਮੂਰਤ ਚਿੱਤਰ!
ਇਹ ਕਿਤਾਬ ਪ੍ਰਸਿੱਧ ਕਲਾਕਾਰ ਅਰਪਨਾ ਕੌਰ ਦੀ ਸਮੁੱਚੀ ਕਲਾ ਯਾਤਰਾ ਦੇ ਦਰਸ਼ਨ ਕਰਵਾਉਣ ਵਾਲੀ
ਇੱਕ ਸੁੰਦਰ ਰਚਨਾ ਹੈ। ਕਿਤਾਬ ਵਿੱਚ ਅਰਪਨਾ ਦੇ 1963 ਤੋਂ ਸ਼ੁਰੂ ਹੋ ਕੇ ਹੁਣ ਤੱਕ ਦੇ ਬਣਾਏ
ਚਿੱਤਰ ਹਨ। ਇਨ੍ਹਾਂ ਚਿੱਤਰ ਲੜੀਆਂ ਤੋਂ ਕਲਾਕਾਰ ਦਾ ਵਿਕਾਸ ਪ੍ਰਤੱਖ ਨਜ਼ਰ ਆਉਂਦਾ ਹੈ।
ਸਮੇਂ-ਸਮੇਂ ਜਿਹੜੇ-ਜਿਹੜੇ ਸਵੈਆਤਮਕ, ਸਮਾਜਕ ਜਾਂ
ਰਾਜਨੀਤਕ ਅੰਤਰ ਦਵੰਦ ਕਲਾਕਾਰ ਨੂੰ ਪਰੇਸ਼ਾਨ ਜਾਂ ਪ੍ਰਭਾਵਿਤ ਕਰਦੇ ਰਹੇ ਹਨ, ਇਨ੍ਹਾਂ ਚਿੱਤਰਾਂ ਵਿੱਚ ਵਿਖਾਈ ਦਿੰਦੇ ਹਨ। ਇੱਕ
ਸੁਹਿਰਦ ਟਿੱਪਣੀਕਾਰ ਵਜੋਂ ਕਲਾਕਾਰ ਇਨ੍ਹਾਂ ਚਿੱਤਰਾਂ ਵਿੱਚ ਹਾਜ਼ਰ ਹੈ। ਇਸ ਕਿਤਾਬ ਵਿੱਚ
ਯਸ਼ੋਧਰਾ ਡਾਲਮੀਆ ਦੀ ਅਰਪਨਾ ਨਾਲ ਕੀਤੀ ਇੱਕ ਲੰਮੀ ਮੁਲਾਕਾਤ ਹੈ, ਜਿਸ ਵਿੱਚ ਅਰਪਨਾ ਨੇ ਅਪਣੀ ਰਚਨਾ ਪ੍ਰਕਿਰਿਆ, ਆਪਣੇ ਅਨੁਭਵਾਂ ਬਾਰੇ ਦੱਸਿਆ ਹੈ। ਇੱਕ ਥਾਂ ਦੱਸਦੀ ਹੈ
ਕਿ ਕਿਵੇਂ 1980 ਵਿੱਚ ਉਸ ਨੇ ਮੁੰਬਈ ਵਿੱਚ ਪਹਿਲਾ ਸ਼ੋਅ ਕੀਤਾ, ਜਿਸ ਵਿੱਚ ਹੁਸੈਨ ਨੇ ਉਸ ਦੀ ਇੱਕ ਪੇਂਟਿੰਗ 3500 ਰੁਪਏ
ਵਿੱਚ ਖਰੀਦੀ। ਇਹ ਉਹ ਸਮਾਂ ਸੀ ਜਦੋਂ ਕਲਾ ਕਿਰਤਾਂ ਕਿਤੇ ਵਿਰਲੀਆਂ ਟਾਂਵੀਆਂ ਹੀ ਵਿਕਦੀਆਂ ਸਨ।
ਮੁਲਕ ਵਿੱਚ ਚਿੱਤਰਕਾਰਾਂ ਦੀ ਇੰਨੀ ਪੁੱਛ ਨਹੀਂ ਸੀ ਹੁੰਦੀ, ਜਦੋਂਕਿ ਅੱਜ ਸਥਿਤੀ ਬਦਲ ਗਈ ਹੈ। ਉਸ ਨੇ ਮੋਬਾਈਲ ਇਸ
ਕਰਕੇ ਨਹੀਂ ਰੱਖਿਆ ਹੋਇਆ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਸ ਦਾ ਪਿੱਛਾ ਕੀਤਾ ਜਾ ਰਿਹਾ ਹੈ।
ਪ੍ਰਸਿੱਧ ਪੰਜਾਬੀ ਲੇਖਕਾ ਅਜੀਤ ਕੌਰ ਦੀ ਇਹ ਪ੍ਰਸਿੱਧ ਧੀ, ਜਦੋਂ ਵੀ ਇਸ ਦੀ ਕੋਈ ਪੇਂਟਿੰਗ ਵਿਕਦੀ ਹੈ, ਇੱਕ ਕਿਤਾਬ ਜ਼ਰੂਰ ਖਰੀਦਦੀ ਹੈ।
ਇਸ ਕਿਤਾਬ ਵਿੱਚ ਗਾਇਤ੍ਰੀ ਸਿਨਹਾ, ਸੁਨੀਤ ਚੋਪੜਾ,
ਉਮਾ ਨਈਅਰ, ਜੌਹਨ ਐÎੱਚ ਬਾਉਲਜ਼, ਨੀਮਾ ਸਮਿੱਥ,
ਰੁਬੀਨਾ ਕਰੋਡੇ ਜਿਹੇ ਕਲਾ
ਪਾਰਖੂਆਂ ਦੇ ਲੇਖ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਅਰਪਨਾ
ਦੀ ਕਲਾ ਸਾਧਨਾ, ਉਸ ਦੇ ਸਫ਼ਰ ਦਾ
ਲੇਖਾ-ਜੋਖਾ ਹੈ, ਜਿਹੜੇ ਉਨ੍ਹਾਂ
ਮੁੱਲਵਾਨ ਕਲਾ ਤੱਤਾਂ ਦਾ ਵਿਸ਼ਲੇਸ਼ਣ ਕਰਦੇ ਹਨ ਜਿਨ੍ਹਾਂ ਕਰਕੇ ਅਰਪਨਾ ਦੂਸਰੇ ਕਲਾਕਾਰਾਂ ਨਾਲੋਂ
ਵੱਡੀ ਤੇ ਵੱਖਰੀ ਹੈ।
ਅਰਪਨਾ ਇੱਕ ਸਵੈ-ਸਿੱਖਿਅਤ ਚਿੱਤਰਕਾਰ ਹੈ। ਉਸ ਦੀ ਇੱਕ ਆਪਣੀ ਸ਼ੈਲੀ ਹੈ। ਉਸ ਦੇ ਰੰਗਾਂ,
ਆਕਾਰਾਂ ਵਿੱਚ ਇੱਕ ਪਵਿੱਤਰਤਾ,
ਇੱਕ ਕੁਆਰਾਪਨ ਹੈ ਜੋ
ਦਰਸ਼ਕਾਂ ਨੂੰ ਕੀਲ ਲੈਂਦਾ ਹੈ। ਭਾਰਤੀ ਕਲਾ ਦੀਆਂ ਰਵਾਇਤੀ ਸ਼ੈਲੀਆਂ ਜਿਵੇਂ ਕਿ ਵਰਲੀ, ਗੌਂਡ, ਮਧੂਬਨੀ, ਪਹਾੜੀ ਲਘੂ ਚਿੱਤਰ
ਸ਼ੈਲੀਆਂ ਦੇ ਅਧਿਐਨ ਨੇ ਉਸ ਦੀ ਕਲਾ ਭਾਸ਼ਾ ਨੂੰ ਸਮਰੱਥ ਤੇ ਪਛਾਣਯੋਗ ਬਣਾਇਆ ਹੈ।
ਉਸ ਚਿੱਤਰਕਾਰੀ ਦੀ ਸ਼ੁਰੂਆਤ ਆਪਣੇ ਆਲੇ-ਦੁਆਲੇ ਤੋਂ ਕੀਤੀ ਜਿਵੇਂ ਕਿ ‘ਮਾਂ-ਧੀ’ ਜਾਂ ‘ਨੌਕਰਾਣੀ’ ਚਿੱਤਰ ਹਨ।1980-81
ਵਿੱਚ ‘ਗ਼ੈਰਹਾਜ਼ਰ ਸਰੋਤੇ’ ਵਰਗੇ ਚਿੱਤਰ ਆਉਂਦੇ ਹਨ, ਜਿਨ੍ਹਾਂ ਵਿੱਚ ਆਪਣੀ ਧੁਨ ’ਚ ਮਸਤ ਇੱਕ ਕਲਾਕਾਰ ਆ ਰਿਹਾ ਹੈ, ਸਰੋਤੇ ਨਹੀਂ ਹਨ, ਕੁਰਸੀਆਂ ਖਾਲੀ ਹਨ। ਚਿੱਤਰਾਂ ਵਿੱਚ ਸਮਾਜ ’ਚ ਵਿਆਪਕ ਕਲਾ ਦੀ ਦੁਰਗਤੀ ਦ੍ਰਿਸ਼ਟਮਾਨ ਹੁੰਦੀ ਹੈ।
1984 ਵਿੱਚ ਦਿੱਲੀ ’ਚ ਹੋਇਆ ਸਿੱਖਾਂ ਦਾ
ਕਤਲੇਆਮ ਕਲਾਕਾਰ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੰਦਾ ਹੈ ਪਰ ਚਿੱਤਰ ਕਿਤੇ ਵੀ ਬੜਬੋਲੇ
ਨਹੀਂ ਹੁੰਦੇ। ਹਿੰਸਾ ਸੰਕੇਤਕ ਰੂਪ ਵਿੱਚ ਹੈ, ਜਿਸ ਕਰਕੇ ਪ੍ਰਭਾਵ ਹੋਰ ਮਾਰਮਿਕ ਹੋ ਜਾਂਦਾ ਹੈ। ਮੌਤ ਹੈ, ਪਰ ਨਾਲ ਹੀ ਜ਼ਿੰਦਗੀ ਅਤੇ ਉਮੀਦ ਵੀ ਨਜ਼ਰ ਆਉਂਦੀ
ਰਹਿੰਦੀ ਹੈ। ਸੁਹਜ ਦੀ ਪਕੜ ਬਰਕਰਾਰ ਰਹਿੰਦੀ ਹੈ।
‘ਵਰਿੰਦਾਵਨ ਦੀਆਂ ਵਿਧਵਾਵਾਂ’ ਵਿੱਚ ਅਰਪਨਾ ਮਿੱਥ
ਨੂੰ ਉਵੇਂ ਜਿਵੇਂ ਪਰਵਾਨ ਨਹੀਂ ਕਰਦੀ। ਉਨ੍ਹਾਂ ਨੂੰ ਉਲਟਦੀ ਪਲਟਦੀ ਹੈ। ਬਹੁਤ ਸਾਰੇ ਚਿੱਤਰ
ਕਲਾਕਾਰ ਦੇ ਸਿੱਧੇ ਪ੍ਰਤੱਖਣ ’ਚੋਂ ਉਪਜਦੇ ਹਨ ਪਰ
ਅਮੂਰਤ ਤੇ ਦਾਰਸ਼ਨਿਕ ਹੁੰਦੇ ਜਾਂਦੇ ਹਨ।ਅਰਪਨਾ ਦੀਆਂ ਔਰਤਾਂ ਧਰਤੀ ਵਿੱਚੋਂ ਨਿਕਲੀਆਂ ਤੇ
ਪ੍ਰਕਿਰਤੀ ਨਾਲ ਇਕਸੁਰ ਵਿਖਾਈ ਦਿੰਦੀਆਂ ਹਨ। ਉਨ੍ਹਾਂ ਦਾ ਬਾਕੀ ਦੀ ਸਪੇਸ ਨਾਲ ਵਿਰੋਧ ਨਹੀਂ
ਹੈ।ਮਰਦ ਸਾਧੂ ਸੁਭਾਅ ਹਨ। ਉਸ ਦੇ ਚਿੱਤਰਾਂ ਵਿੱਚ ਬੁੱਧ ਹੈ, ਨਾਨਕ ਹੈ, ਕਬੀਰ ਹੈ, ਪਰ ਉਹ ਉਸ ਤਰ੍ਹਾਂ ਦੇ ਨਹੀਂ ਜਿਹੋ-ਜਿਹੇ ਬੁੱਧ,
ਨਾਨਕ ਜਾਂ ਕਬੀਰ ਸਾਡੇ ਚੇਤੇ
ਵਿੱਚ ਹਨ।ਉਸ ਦੀ ਸੋਹਣੀ ਦਾ ਪਿਆਰ ਕਿਸੇ ਮਿਣਤੀ ਵਿੱਚ ਮਿਣਿਆ ਨਹੀਂ ਜਾ ਸਕਦਾ। ਅਰਪਨਾ ਦਾ ਕਬੀਰ
ਪਾਣੀ ਬੁਣਦਾ ਹੈ। ਕਢਾਈ ਕਰ ਰਹੀਆਂ ਔਰਤਾਂ ਦੇ ਹੱਥ ਵਿੱਚ ਧਾਗਾ ਹੈ ਪਰ ਚਾਦਰ ਦੀ ਥਾਂ ਸਮਾਂ ਹੈ,
ਧਰਤੀ ਹੈ, ਆਕਾਸ਼ ਹੈ। ਜੋ ਕੁਝ ਵੀ ਨਵਾਂ ਹੱਥ ਵਿੱਚ ਆਉਂਦਾ ਹੈ,
ਅਰਪਨਾ ਉਸੇ ਨਾਲ ਸੋਚਣ ਲੱਗਦੀ
ਹੈ। ਇਸੇ ਕਰਕੇ ਕਿਤੇ ਵੀ ਦੁਹਰਾਅ ਜਾਂ ਬੇਹਾਪਣ ਨਹੀਂ। ਆਕਾਰ ਅਤੇ ਰੰਗ ਮੌਲਿਕ ਅਤੇ ਪਰਿਵਰਤਨਸ਼ੀਲ
ਰਹਿੰਦੇ ਹਨ।
ਅਰਪਨਾ ਕਹਿੰਦੀ ਹੈ ਸਮੇਂ ਨੂੰ ਉਹ ਇੱਕ ਤਾਨਾਸ਼ਾਹ ਵਾਂਗ ਨਹੀਂ ਸੋਚਦੀ, ਜਿਹੜਾ ਜੀਵਨ ’ਤੇ ਹੁਕਮਰਾਨੀ ਕਰਦਾ ਹੈ। ਉਸ ਲਈ ਸਮਾਂ ਕਿਤੇ ਨਾ ਖ਼ਤਮ
ਹੋਣ ਵਾਲਾ ਪਸਾਰ ਹੈ, ਜਿੱਥੇ ਦਿਨ ਪਿੱਛੋਂ
ਰਾਤ, ਰਾਤ ਪਿੱਛੋਂ ਦਿਨ ਦਾ ਇੱਕ
ਲਗਾਤਾਰ ਸਿਲਸਿਲਾ ਹੈ। ਉਸ ਦੇ ਚਿੱਤਰ ‘ਸਮਾਂ ਹੌਲੀ ਬੀਤਦਾ
ਹੈ’ ਵਿੱਚ ਇੱਕ ਔਰਤ ਹੈ, ਇੱਕ ਉਸ ਦੀ ਪਰਛਾਈ। ਦੋਵੇਂ ਸਮੇਂ ਨੂੰ ਬੁਣ ਰਹੀਆਂ ਹਨ।
ਉਹ ਕਹਿੰਦੀ ਹੈ, ਕਲਾ ਉਸ ਲਈ ਇੱਕ
ਅਧਿਆਤਮਕ ਅਭਿਆਸ ਹੈ, ਇੱਕ ਰੱਬੀ ਦੇਣ,
ਨਹੀਂ ਤਾਂ ਹੋਰ ਕਿੰਨੇ ਕੰਮ
ਹਨ ਬੰਦੇ ਦੇ ਕਰਨ ਲਈ। ਤੁਸੀਂ ਇੱਕ ਔਜ਼ਾਰ ਹੋ ਉਸ ਦੇ ਹੱਥ ਵਿੱਚ। ਮੈਂ ਸੋਚਨੀ ਹਾਂ ਮੈਂ ਇਹ ਟੋਟਲ
ਸਮਰਪਣ ਪ੍ਰਾਪਤ ਕਰ ਲਿਆ ਹੈ। ਮੈਨੂੰ ਨਹੀਂ ਪਤਾ ਕੱਲ੍ਹ ਦਾ ਦਿਨ ਮੇਰੇ ਲਈ ਕੀ ਲੈ ਕੇ ਆਏਗਾ। ਹਰ
ਦਿਨ ਸਵੇਰੇ ਜਿਵੇਂ ਮੇਰਾ ਇੱਕ ਨਵਾਂ ਜਨਮ ਹੁੰਦਾ ਹੈ। -ਗੁਲ ਚੌਹਾਨ
( ਪੰਜਾਬੀ ਟ੍ਰਿਬਿਊਨ 15 –ਸਤੰਬਰ – 2012)
No comments:
Post a Comment
Comment Here