ਪੱਥਰ ਤੋਂ ਰੰਗ ਤੱਕ
ਪੰਨੇ: 216, ਮੁੱਲ: 200 ਰੁਪਏ
ਪ੍ਰਕਾਸ਼ਕ: ਸਿੰਘ ਬ੍ਰਦਰਜ਼ ਅੰਮ੍ਰਿਤਸਰ।
‘ਗੌਤਮ ਤੋਂ ਤਾਸਕੀ ਤਕ’ ਤੇ ‘ਆਰਟ ਤੋਂ ਬੰਦਗੀ ਤਕ’ ਤੋਂ ਬਾਅਦ ਹਰਪਾਲ ਸਿੰਘ ਪੰਨੂ ਵੱਲੋਂ ਲਿਖੀ ਚਰਚਾ ਅਧੀਨ
ਪੁਸਤਕ ‘ਪੱਥਰ ਤੋਂ ਰੰਗ ਤੱਕ‘
ਵਡੇਰਿਆਂ ਦੀ ਸਾਖੀ ਦਾ ਇਹ
ਤੀਜਾ ਭਾਗ ਹੈ। ਇਸ ਵਿਚ ਮਾਈਕਲਏਂਜਲੋ, ਵਾਨ ਗਾਗ, ਕਾਫ਼ਕਾ ਦੀ ਪਤਨੀ ਦੋਰਾ, ਈਦੀ ਤੇ ਅੰਮ੍ਰਿਤਾ ਸ਼ੇਰਗਿੱਲ ਦੀਆਂ ਸਾਖੀਆਂ ਸ਼ਾਮਲ ਹਨ।
ਇਸ ਪੁਸਤਕ ਦੀ ‘ਵਾਕਫ਼ੀ’ ਦਿੰਦਿਆਂ ਪੰਨੂ ਵੱਲੋਂ ਲਿਖਿਆ ਗਿਆ ਹੈ ਕਿ ‘ਜੀਵਨ ਗਤੀਸ਼ੀਲ ਹੈ। ਕੁਝ ਸ਼ਖਸ ਮੌਤ ਉਪਰੰਤ ਆਪਣੀ ਗਤੀ
ਦੀਆਂ ਲਕੀਰਾਂ ਛੱਡ ਜਾਂਦੇ ਹਨ। ਇਹੋ ਨਿਸ਼ਾਨ ਪਾਠਕਾਂ ਨੂੰ ਦਿਖਾਉਣ ਦਾ ਯਤਨ ਕੀਤਾ ਹੈ।’
ਨਿਰਸੰਦੇਹ ਹਰਪਾਲ ਸਿੰਘ ਪੰਨੂ ਦਾ ਇਹ ਯਤਨ ਕਾਫ਼ੀ ਕਾਮਯਾਬ ਹੈ। ਉਸ ਦੀ ਸ਼ੈਲੀ ਬੜੀ ਸਰਲ,
ਸਪਸ਼ਟ ਤੇ ਦਿਲਚਸਪ ਹੈ। ਪਰ
ਸਾਡੀ ਜਾਚੇ ਜੇ ਕਿਤੇ ਪੰਨੂ ਜੀ ਆਪਣੀ ਲਿਖਣ ਸ਼ੈਲੀ ਨੂੰ ਥੋੜ੍ਹਾ ਜਿਹਾ ਸੰਜਮੀ ਰੂਪ ਦੇ ਦੇਣ ਤਾਂ
ਗੱਲ ਸੋਨੇ ਤੇ ਸੁਹਾਗੇ ਵਾਲੀ ਹੋ ਸਕਦੀ ਹੈ। ਰਚਨਾਤਮਕ ਜਗਤ ਅੰਦਰ ਸੰਜਮਤਾ ਦਾ ਆਪਣਾ ਸੁਹੱਪਣ
ਹੁੰਦਾ ਹੈ।
ਉਪਰੋਕਤ ਵਰਣਿਤ ਪੰਜਾਂ ਵਡੇਰਿਆਂ ਬਾਰੇ ਪੰਨੂ ਨੇ ਵੱਖ-ਵੱਖ ਸਰੋਤਾਂ ਤੇ ਪੁਸਤਕਾਂ ਦੇ ਅਧਿਐਨ
ਉਪਰੰਤ ਆਪਣੇ ਨਿਵੇਕਲੇ ਸਿਰਜਣਾਤਮਕ ਅੰਦਾਜ਼ ਵਿਚ ਪਾਠਕਾਂ ਨੂੰ ਕਮਾਲ ਦੀ ਜਾਣਕਾਰੀ ਦਿੱਤੀ ਹੈ।
ਵੱਡੀਆਂ ਸ਼ਖਸੀਅਤਾਂ ਬਾਰੇ ਪਾਠਕ ਨੂੰ ਏਨਾ ਕੁਝ ਪੜ੍ਹਨ ਨੂੰ ਇੱਕੋ ਪੁਸਤਕ ਵਿਚ ਮਿਲ ਜਾਂਦਾ ਹੈ ਕਿ
ਸੰਬਧਤ ਵਿਅਕਤੀਆਂ ਬਾਰੇ ਹੋਰ ਪੁਸਤਕਾਂ ਭਾਲਣ/ਪੜ੍ਹਨ ਦੀ ਬਹੁਤੀ ਤਾਂਘ ਹੀ ਨਹੀਂ ਰਹਿੰਦੀ। ਸੋ
ਇਨ੍ਹਾਂ ਸ਼ਖਸੀਅਤਾਂ ਬਾਰੇ ਸੰਪੂਰਨ ਰੂਪ ’ਚ ਜਾਣਨ ਲਈ ਪੁਸਤਕ
ਪੜ੍ਹਨੀ ਬਹੁਤ ਜ਼ਰੂਰੀ ਹੈ। ਪੰਨੂ ਦੀ ਵਾਰਤਕ ਸ਼ੈਲੀ ਦੇ ਕੁਝ ਅੰਸ਼ ਇੱਥੇ ਲਿਖੇ ਜਾਂਦੇ ਹਨ:-
- ਆਰਟ ਦਾ ਦੁਸ਼ਮਣ ਪੋਪ ਪਾਲ ਚੌਥਾ ਅਚਾਨਕ ਮਰ ਗਿਆ। ਲੋਕਾਂ ਨੇ ਰੱਬ ਦੇ ਸ਼ੁਕਰਾਨੇ ਦੇ ਜਲੂਸ
ਕੱਢੇ। ਉਸ ਦਾ ਬੁੱਤ ਤੋੜ ਕੇ ਗਲੀਆਂ ਵਿਚ ਸਿਰ ਭਾਰ ਘਸੀਟਿਆ ਤੇ ਦਰਿਆ ਵਿਚ ਸੁੱਟ ਆਏ। ਬਹੁਤ ਸਾਰੇ
ਬੰਦੀ, ਜਿਨ੍ਹਾਂ ਨੂੰ ਕਾਫ਼ਰ ਐਲਾਨ ਕੇ
ਅੱਗ ਵਿਚ ਸਾੜਨਾ ਸੀ, ਰਿਹਾਅ ਕੀਤੇ ਗਏ।’ -(ਪੰਨਾ-47)
- ਕੁੜੀ ਦੀ ਮਾਂ ਰਸਤਾ ਭੁੱਲ ਗਈ। ਉਸ ਨੇ ਉੱਚੇ ਟਿੱਲੇ ’ਤੇ ਖਲੋਕੇ ਵਾਜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਵਾਜ
ਦੀ ਗੂੰਜ ਪਰਤਦੀ ਪਰ ਹੁੰਗਾਰਾ ਕੋਈ ਨਹੀਂ। ਉਜਾੜ ਵਿਚ ਸੱਪਾਂ ਦੇ ਫੁੰਕਾਰੇ ਸੁਣਾਈ ਦਿੰਦੇ। ਈਦੀ
ਨੇ ਗੱਡੀ ਦੀਆਂ ਲਾਈਟਾਂ ਬਾਲ ਦਿੱਤੀਆਂ। ਸਾਹਮਣੇ ਚਾਰ ਨਕਾਬਪੋਸ਼ ਘੋੜਸਵਾਰ ਬੰਦੂਕਾਂ ਲਈ ਖਲੋਤੇ
ਦਿੱਸੇ। ਔਰਤ ਦੌੜਦੀ ਹੋਈ ਟਿੱਲੇ ਤੋਂ ਉੱਤਰ ਕੇ ਗੱਡੀ ਵਿਚ ਵੜ ਗਈ। ਦੱਸਿਆ, ਇਹ ਕੋਲਹਰੀ ਦੇ ਖਤਰਨਾਕ ਡਾਕੂ ਨੇ। ਪਹਿਲਾਂ ਗੋਲੀ
ਮਾਰਦੇ ਨੇ, ਫੇਰ ਦੇਖਦੇ ਨੇ ਜਿਸ
ਨੂੰ ਗੋਲੀ ਵੱਜੀ ਉਹ ਕੌਣ ਸੀ।
-(ਪੰਨਾ-161)
- ਜੁਆਨ ਹੋਣ ਉਪਰੰਤ ਉਸ ਦੀ ਰੋਮਾਂਟਿਕ ਖੁੱਲ੍ਹ ਖੇਡ ਇਸ ਪਿਛੋਕੜ ਦਾ ਉਪਭਾਵਕ, ਨਾਦਾਨ ਪ੍ਰਤੀਕਰਮ ਹੈ। ਬਗਾਵਤ ਜੇ ਸਾਰਥਿਕ ਸਿੱਟਿਆਂ
ਵੱਲ ਨਹੀਂ ਤੁਰੀ ਤਾਂ ਵਿਆਪਕ ਤਬਾਹੀ ਤੋਂ ਇਲਾਵਾ ਕੀ ਹਾਸਲ ਹੋਣਾ ਹੈ? ਇਸ ਨਾਲ ਮਿਲਦੀ ਜੁਲਦੀ ਬਗਾਵਤ ਅੰਮ੍ਰਿਤਾ ਪ੍ਰੀਤਮ ਨੇ
ਵੀ ਕੀਤੀ ਸੀ। ਅੰਮ੍ਰਿਤਾ ਪ੍ਰੀਤਮ ਦਾ ਸਵੈਕਥਨ ਹੈ, ਜਿਵੇਂ ਕੰਜਰਾਂ ਕੋਲ ਕਾਫ਼ੀ ਸਾਰਾ ਹੁਨਰ ਹੁੰਦਾ ਹੈ,
ਉਵੇਂ, ਅਸੀਂ ਜਿਹੜੇ ਕਲਾਕਾਰ ਹਾਂ, ਸਾਡੇ ਕੋਲ ਕਾਫ਼ੀ ਸਾਰਾ ਕੰਜਰਖ਼ਾਨਾ ਹੈ। (ਪੰਨਾ-179)
ਆਦਿ ਤੋਂ ਅੰਤ ਤਕ ਪੂਰੀ ਪੁਸਤਕ ਪੜ੍ਹਨਯੋਗ ਹੈ। - ਹਰਮੀਤ ਸਿੰਘ ਅਟਵਾਲ
(ਪੰਜਾਬੀ ਟ੍ਰਿਬਿਊਨ 29 –ਸਤੰਬਰ – 2012)
No comments:
Post a Comment
Comment Here