ਕਲਾ ਤੇ ਸਾਹਿਤ ਦਾ ਸੁਮੇਲ: ਸਹਿਜ ਪ੍ਰਕਿਰਤੀ
ਲੇਖਕ: ਪਰਮਜੀਤ ਸਿੰਘ
ਪੰਨੇ: 165, ਮੁੱਲ: 600 ਰੁਪਏ
ਪ੍ਰਕਾਸ਼ਕ: ਰਾਜ ਕਮਲ ਪ੍ਰਕਾਸ਼ਨ, ਦਿੱਲੀ
ਹਥਲੀ ਪੁਸਤਕ ‘ਸਹਿਜ ਪ੍ਰਕਿਰਤੀ’
ਪਰਮਜੀਤ ਸਿੰਘ ਦੀ ਕਲਾ ਬਾਰੇ
ਪੰਜਾਬੀ ‘ਚ ਅਮਰਜੀਤ ਚੰਦਨ
ਵੱਲੋਂ ਪੰਜਾਬੀ ਵਿੱਚ ਅਨੁਵਾਦ ਕੀਤੀ ਗਈ ਹੈ। ਇਸ ਤਰ੍ਹਾਂ ਦੀ ਕਿਤਾਬ ਦੇ ਦਰਸ਼ਨ ਪੰਜਾਬੀ ਜਗਤ ਨੂੰ
ਪਹਿਲੀ ਵਾਰ ਹੋਏ ਹਨ। ਪੰਜਾਬੀ ਯੂਨੀਵਰਸਿਟੀ ਨੇ ਕਲਾ ਲਈ ਕਈ ਕਦਮ ਉਠਾਏ ਹਨ, ਪਰ ਇਸ ਪੁਸਤਕ ਨੂੰ ਕਲਾਕਾਰ ਨੇ ਆਪ ਪੈਸਾ ਲਗਾ ਕੇ ਕਲਾ
ਪ੍ਰੇਮੀਆਂ ਤੱਕ ਤੋਰਨ ਦਾ ਚਮਤਕਾਰ ਕੀਤਾ ਹੈ। ਇਸ ਤਰ੍ਹਾਂ ਦੀ ਭਾਵਨਾ ਰੱਖਣਾ ਕਲਾ ਦੇ ਖੇਤਰ ਵਿੱਚ
ਵੱਡੀ ਗੱਲ ਹੋ ਨਿੱਬੜੀ ਹੈ। ਕਿਤਾਬ ਮੂਲ ਰੂਪ ਵਿੱਚ ਹਿੰਦੀ ਭਾਸ਼ਾ ‘ਚ ਵਿਨੋਦ ਭਾਰਦਵਾਜ ਨੇ ਲਿਖੀ ਹੈ।
ਅਮਰਜੀਤ ਨੇ ਕਿਤਾਬ ‘ਚ ਭਾਸ਼ਾ ਨੂੰ
ਰੰਗਾਂ ਵਾਂਗ ਸੰਗੀਤ ‘ਚ ਪਾ ਦਿੱਤਾ ਹੈ।
ਨਵੇਂ ਸ਼ਬਦ ਘੜੇ ਹਨ। ਭਾਸ਼ਾ ਨੂੰ ਨਵੀਂ ਰੂਪ ਦੇ ਦਰਸ਼ਨ ਕਰਵਾਏ ਹਨ। ਪਰਮਜੀਤ ਦਾ ਜਨਮ 1935
‘ਚ ਹੁੰਦਾ ਹੈ। 50 ਵਰ੍ਹਿਆਂ
ਤੋਂ ਵੱਧ ਕਲਾ ਸਾਧਨਾ ਕੀਤੀ ਹੈ। ਨਵੀਆਂ ਲੀਹਾਂ ਪਾਈਆਂ ਹਨ। ਚਿੱਤਰਾਂ ਵਿੱਚ ਅਧਿਆਤਮ ਪ੍ਰਤੱਖ ਹੈ।
ਚਿੱਤਰਾਂ ਵਿੱਚ ਗੁਰਬਾਣੀ ਸਾਕਾਰ ਹੁੰਦੀ ਹੈ। ਸੁਹੱਪਣ ਦੇ ਦਰਸ਼ਨ ਹੁੰਦੇ ਹਨ। ਕਿਤਾਬ ਸਹਿਜ
ਪ੍ਰਕਿਰਤੀ ਵਿੱਚ ਕਲਾਕਾਰ ਦੇ ਜੀਵਨ ਤੇ ਕਲਾ ਦਾ ਵੇਰਵਾ ਹੈ।
ਮੂਲ ਲੇਖਕ ਵਿਨੋਦ ਭਾਰਦਵਾਜ ਆਦਿਕਾ ਵਿੱਚ ਦੱਸਦਾ ਹੈ ਕਿ ਲੈਂਡਸਕੇਪ ਵਿੱਚ ਆਸ਼ੰਕਾ ਨਜ਼ਰ
ਆਉਂਦੀ ਹੈ। ਇਹਦੀ ਦੁਨੀਆਂ ਵਿੱਚ ਖ਼ਾਸ ਕਿਸਮ ਦੀ ਉਦਾਸੀ ਹੈ।
ਅਮਰਜੀਤ ਆਪਣੇ ਦਰਸ਼ਨ-ਪਰਸ਼ਨ ‘ਚ ਸੁਹਾਵੀ ਧਰਤਿ ਦੇ
ਪ੍ਰਕਿਰਤੀ ਦੀ ਰੁਣ-ਝੁਣ ਦੇ ਗੁਰਬਾਣੀ ਵਿੱਚ ਤਾਂ ਦਰਸ਼ਨ ਹੁੰਦੇ ਹਨ, ਪਰ ਅਜੋਕੇ ਪੰਜਾਬੀ ਸਾਹਿਤ, ਚਿੱਤਰਕਲਾ ਵਿੱਚ ਦੁਰਲੱਭ ਹਨ। ਹੁਣ ਪੂੰਜੀਵਾਦ ਪੰਜਾਬ
ਵਿੱਚ ਵੀ ਬੰਦੇ ਤੇ ਦੁਮੇਲ ਵਿਚਾਲੇ ਉੱਚੀ ਲੰਮੀ ਕੰਧ ਉਸਾਰੀ ਜਾਂਦਾ ਹੈ। ਦੁਮੇਲ ਅਲੋਪ ਹੋ ਰਿਹਾ
ਹੈ। ਪ੍ਰਕਿਰਤੀ ਦੂਰ ਹੁੰਦੀ ਜਾਂਦੀ ਹੈ। ਜਿੰਨੀ ਵਾਰ ਕੋਈ ਪਰਮਜੀਤ ਦੇ ਧਰਤਿ ਚਿੱਤਰਾਂ ਦੇ ਦਰਸ਼ਨ
ਕਰਦਾ ਹੈ, ਓਨੀ ਵਾਰ ਇਹ ਕੰਧ
ਢਹਿੰਦੀ ਹੈ। ਇਹਦੇ ਧਰਤ ਚਿੱਤਰਾਂ ਵਿੱਚ ਇਕਾਂਤ ਹੈ। ਪ੍ਰਕਿਰਤੀ ਜਿਵੇਂ ਵਗਦੀ ਨਦੀ ਹੈ। ਧਰਤੀ
ਦਰਸ਼ਨ ਨੂੰ ਤੱਕਦਿਆਂ ਪਦਾਰਥਕ ਅਦÉੈਤਵਾਦ ਦਾ ਆਭਾਸ
ਹੁੰਦਾ ਹੈ। ਇਹ ਕਲਾ ਦਾ ਪਰਮ ਕੌਤਕ ਹੈ। ਪਰਮਜੀਤ ਨੇ ਹਵਾ ਵਿੱਚ ਉੱਡਦੇ ਪੱਥਰ ਪੇਂਟ ਕੀਤੇ ਹਨ। ਇਸ
ਕਰਕੇ ਉਸ ਨੂੰ ਸਟੋਨ ਵਾਲਾ ਪਰਮਜੀਤ ਕਿਹਾ ਜਾਂਦਾ ਹੈ। ਲੈਂਡਸਕੇਪ ‘ਚ ਸ਼ਾਂਤੀ ਪਹਿਲਾਂ ਆਪ ਦੇਖੀ, ਫਿਰ ਸਾਨੂੰ ਦਿਖਾਈ ਹੈ। ਨੇੜੇ ਤੋਂ ਤਸਵੀਰਾਂ ਐਬਸਟਰੈਕਟ,
ਦੂਰ ਤੋਂ ਅਸਲੀ ਹੋਣ ਦਾ
ਭੁਲੇਖਾ ਪਾਉਂਦੀਆਂ ਹਨ। ਚਿੱਤਰਾਂ ਵਿੱਚੋਂ ਰੰਗਾਂ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਨੀਲੇ ਰੰਗ ‘ਚ ਜ਼ਿੰਦਗੀ ਪਾਣੀ ਵਿੱਚ ਸਾਹ ਲੈ ਰਹੀ ਹੈ। ਮਨੁੱਖ ਅੰਦਰ
ਕੁਦਰਤ ਦੀ ਸੁੰਦਰਤਾ ਦਾ ਜਨਮ ਹੁੰਦਾ ਹੈ। ਰੰਗਾਂ ਦੀਆਂ ਪਰਤਾਂ ਵਿੱਚ ਜਾਦੂ ਭਰੀ ਆਵਾਜ਼ ਮਹਿਸੂਸ
ਹੋਣ ਲੱਗਦੀ ਹੈ।
ਪਰਮਜੀਤ ਦਾ ਬਚਪਨ ਉਸ ਦੇ ਦਾਦਾ ਨਾਰਾਇਣ ਸਿੰਘ ਦੀ ਲਾਇਬਰੇਰੀ ‘ਚ ਬੀਤਦਾ ਹੈ। ਦਾਦਾ ਅੰਮ੍ਰਿਤਸਰ ਖ਼ਾਲਸਾ ਕਾਲਜ ਦੇ
ਵਾਈਸ ਪ੍ਰਿੰਸੀਪਲ ਸਨ। ਸੰਤਾਲੀ ਦੀ ਭਿਆਨਕ ਅੱਗ ‘ਚ ਅੰਮ੍ਰਿਤਸਰ ਦਾ ਆਸਮਾਨ ਕਾਲਾ ਹੁੰਦਾ ਪਰਮਜੀਤ ਨੇ ਦੇਖਿਆ ਹੈ। ਦਾਦੇ ਦੀ ਅੰਮ੍ਰਿਤਾ
ਸ਼ੇਰਗਿੱਲ ਦੇ ਪਿਉ ਨਾਲ ਮਿੱਤਰਚਾਰੀ ਸੀ। ਉਹ ਪੌਲੀਟੈਕਨਿਕ ਦਿੱਲੀ ‘ਚ ਕਲਾ ਦੀ ਪੜ੍ਹਾਈ ਲਈ ਆਉਂਦਾ ਹੈ। ਮਾਂ ਨੇ ਆਪਣੇ
ਗਹਿਣੇ ਰਹਿਣ ਕਰ ਦਿੱਤੇ ਸਨ। ਇਹ 54 ਦੇ ਆਸਪਾਸ ਦੀ ਗੱਲ ਹੈ। ਉਸ ਵੇਲੇ ਦੇ ਕਲਾ ਟੀਚਰ ਸ਼ੈਲੋਜ
ਮੁਖ਼ਰਜੀ, ਧਨਰਾਜ ਭਗਤ,
ਵੀਰੇਨ ਡੇਅ ਵਰਗੇ ਵੱਡੇ
ਕਲਾਕਾਰ ਸਨ। ਦੋਸਤ ਸੂਰਜ ਘਈ ਸੀਨੀਅਰ ਤੇ ਕੌਸ਼ਿਕ ਜਮਾਤੀ ਤੇ ਕਲਾਕਾਰ ਦੀ ਪਤਨੀ ਇਕ ਸਾਲ ਪਿੱਛੇ
ਸੀ। ਉਸ ਦੇ ਸਾਥੀ ‘ਸੈਵਨ ਪੇਂਟਰਜ਼’
ਨਾਂ ਦੀ ਟੋਲੀ ਬਣਾਉਂਦੇ ਹਨ।
ਨੁਮਾਇਸ਼ ਹੋਈ, ਕਲਾ ਪਾਰਖੂ
ਬਾਰਥੋਲੋਮੀਓ ਨੇ ਇਸ ਦੀ ਸ਼ਲਾਘਾ ਕੀਤੀ। ਕਲਾਕਾਰ ਨੇ ਦੇਹਰਾਦੂਨ ਨੌਕਰੀ ਦੌਰਾਨ ਕਈ ਚਿੱਤਰ ਬਣਾਏ।
ਉਸ ਸਮੇਂ ਰਾਮਾ ਚੰਦਰਨ ਤੇ ਪਰਮਜੀਤ ਚੰਗੇ ਮਿੱਤਰ ਬਣੇ। ਪੇਂਟਿੰਗ ਦੇ ਨਾਲ-ਨਾਲ ਫੋਟੋਗ੍ਰਾਫੀ
ਕੀਤੀ। ਕਲਾਕਾਰ ਸਾਈਕਲਾਂ ਉੱਪਰ ਚੜ੍ਹ ਕੇ ਲੈਂਡਸਕੇਪ ਕਰਨ ਜਾਂਦੇ। ਅਰਪਿਤਾ ਕਈ ਵਾਰ ਸਾਈਕਲ ‘ਤੇ ਬੈਠਦੀ। ਫਿਰ ਕਿਤਾਬਾਂ ਪੜ੍ਹਨ ਵਾਲੀ ਬੰਗਾਲਣ ਕੁੜੀ
ਦਾ ਵਿਆਹ ਪਰਮਜੀਤ ਨਾਲ ਹੋਇਆ। ਅਰਪਿਤਾ ਕਵਿਤਾ ਲਿਖਦੀ ਹੈ।
ਅਰਪਿਤਾ ਨੂੰ ਪਰਮਜੀਤ ਦੀ ਕੀਤੀ ਸਟਿੱਲਲਾਈਫ਼ ਤੇ ਸਟੋਨ ਲੜੀ ਦੇ ਚਿੱਤਰ ਪਸੰਦ ਸਨ। ਅਰਪਿਤਾ
ਦੀ ਮਾਂ ਕਹਾਣੀਆਂ ਲਿਖਦੀ ਸੀ। ਰੇਖਾਵਾਂ ਬਾਰੇ ਬਲੈਕ ਬੁੱਕ ਵਿੱਚ ਰੇਖਾਕਨਾਂ ਨਾਲ ਲਿਖੇ ਸ਼ਬਦ
ਪੜ੍ਹਨ ਵਾਲੇ ਹਨ। ਅਰਪਿਤਾ ਤੇ ਪਰਮਜੀਤ ਦੇ ਕਲਾ ਸੰਸਾਰ ਵੱਖੋ-ਵੱਖਰੇ ਹਨ। ਉਹ 1972 ‘ਚ ਯੂਰਪ ਐਮਸਟਰਡਮ ਜਾਂਦਾ ਹੈ। ਫਿਰ ਨਾਰਵੇ-ਓਸਲੋ
ਸਟੂਡੀਓ ਐਤਲੀਏਰ ‘ਚ ਦਾਖ਼ਲਾ ਮਿਲ
ਜਾਂਦਾ ਹੈ। ਬਰਸਲਜ਼ ਆਰਟ ਗੈਲਰੀ ਨੇ ਉਸ ਦੀਆਂ ਤਸਵੀਰਾਂ ਖਰੀਦੀਆਂ। ਜਰਮਨ ਤੋਂ ਡੈਨਮਾਰਕ ਜਾਣਾ ਸੀ,
ਕਲਾਕਾਰ ਨੇ ਸਟੇਸ਼ਨ ‘ਤੇ ਹੀ ਨੁਮਾਇਸ਼ ਲਗਾ ਦਿੱਤੀ। ਨਾਰਵੇ ਅਕੇਲੀ ਵਿੱਚ
ਪੂਰਾ ਸਟੂਡੀਓ ਮਿਲਦਾ ਹੈ। ਨਾਲ ਦੇ ਸਟੂਡੀਓ ‘ਚ ਕਲਾਕਾਰ ਵਾਈਡਰਬਰਗ ਕੰਮ ਕਰਦਾ ਸੀ। ਉਸ ਨੇ ਉੱਥੇ ਪਰਮਜੀਤ ਦੀ ਨੁਮਾਇਸ਼ ਕਰਵਾਈ, ਤਸਵੀਰਾਂ ਵਿਕੀਆਂ।
ਭਾਰਤ ਮੁੜ ਕੇ ਨਵੇਂ ਸਵੈਵਿਸ਼ਵਾਸ ਨਾਲ ਕੰਮ ਕੀਤਾ। ਪੱਥਰ ਗ਼ਾਇਬ ਹੋਣ ਲੱਗੇ, ਪਰਮਜੀਤ ਨੇ ਐਸੀ ਦੁਨੀਆਂ ਵਿੱਚ ਪ੍ਰਵੇਸ਼ ਕੀਤਾ,
ਜੋ ਉਸ ਨੂੰ ਨਵੇਂ ਤੇ ਲੰਮੇ
ਰਾਹਾਂ ਵੱਲ ਲੈ ਗਈ। ਪ੍ਰਯਾਗ ਸ਼ਕਲ ਲਿਖਦਾ ਹੈ, ”ਪਰਮਜੀਤ ਦੇ ਚਿੱਤਰਾਂ ਦਾ ਦ੍ਰਿਸ਼ ਉਸ ਦਾ ਆਪਣਾ ਹੁੰਦਾ ਹੈ।” ਚਿੱਤਰਾਂ ਦੀ ਦੁਨੀਆਂ ਸਾਨੂੰ ਕਈ ਰੰਗਾਂ ਤੋਂ ਸਚੇਤ
ਕਰਦੀ ਹੈ। ਇਸ ਦੇ ਚਿੱਤਰ ਸਾਡੇ ਸਾਹਮਣੇ ਇੰਜ ਹੁੰਦੇ ਹਨ, ਜਿਵੇਂ ਅਸੀਂ ਕਿਸੇ ਲੈਂਡਸਕੇਪ ਸਾਹਮਣੇ ਹੋਈਏ। ਸੂਰਜ ਘਈ
ਪਰਮਜੀਤ ਦੇ ਹਵਾਲੇ ਨਾਲ ਟੈਸ਼ਿਜ਼ਮ ਨਾਂ ਦੀ ਕਲਾ ਲਹਿਰ ਦਾ ਜ਼ਿਕਰ ਕਰਦਾ ਹੈ। ਪ੍ਰੋ. ਬੀ.ਐਨ.
ਗੋਸਵਾਮੀ ਨੇ ਉਸ ਦੀ ਕਲਾ ਦਾ ਜਪਾਨੀ ਫ਼ਿਲਮਸਾਜ਼ ਕੁਰੋਸਾਵਾ ਦੀ ਫ਼ਿਲਮ ਡਰੀਮਜ਼ ਨਾਲ ਤੁਲਨਾ
ਕੀਤੀ। ਚਾਰਲਸ ਫਾਬਰੀ ਨੇ ਲਿਖਿਆ ਪਰਮਜੀਤ ਦੇ ਰੰਗਾਂ ਦੀ ਚੋਣ ਆਕਾਰ ਤੇ ਸਰਲੀਕਰਨ ਕਮਾਲ ਦਾ ਹੈ।
ਕਿਤਾਬ ਦੇ ਆਖ਼ਰ ‘ਚ ਪਰਮਜੀਤ ਬੜੀਆਂ
ਦਿਲਚਸਪ ਗੱਲਾਂ ਕਰਦਾ ਹੈ। ਆਪਣੀ ਜੱਦੋਜਹਿਦ ਬਾਰੇ ਆਪਣੀ ਕਲਾ ਵਿੱਚ ਫਕੀਰੀ ਬਾਰੇ, ਬਚਪਨ ਦੀਆਂ ਯਾਦਾਂ ਬਾਰੇ, ਲਾਹੌਰ ‘ਚ ਬਚਪਨ ਬਾਰੇ ਦੱਸਦਾ ਹੈ। ਕਲਾ ‘ਚ ਲੰਮੀ ਯਾਤਰਾ ਲਈ
ਗੱਲ ਕਰਦਾ ਹੈ। ਸਿੱਖ ਕਲਾ ਦੀ ਰੀਤ ਦੀਆਂ ਬਾਤਾਂ ਪਾਉਂਦਾ ਹੈ। ਪਤੀ-ਪਤਨੀ ਦੀ ਸਿਰਜਨਾਤਮਕਤਾ ਦੀ
ਗੱਲ ਹੁੰਦੀ ਹੈ। ਆਖ਼ਰ ਵਿੱਚ ਬਰਲਨ ਦੀ ਕੰਧ ਟੁੱਟਣ ਦਾ ਵੇਲਾ ਆਉਂਦਾ ਹੈ। ਜਰਮਨ ਔਰਤ ਆਪਣੇ ਪੁੱਤਰ
ਨਾਲ ਹਥੌੜਾ ਛੈਣੀ ਲੈ ਕੇ ਆਈ ਹੋਈ ਸੀ। ਉਸ ਪਾਸੋਂ ਹਥੌੜਾ ਲੈ ਕੇ ਕੰਧ ਤੋੜਨ ਲੱਗਦਾ ਹੈ। ਪਰਮਜੀਤ
ਚੰਦਨ ਇਹ ਮਹਿਸੂਸ ਹੋਣ ਨਹੀਂ ਦਿੰਦਾ ਕਿ ਕਿਤਾਬ ਦਾ ਮਸਾਲਾ ਹਿੰਦੀ ਤੋਂ ਆਇਆ ਹੈ। ਉਸ ਨੇ ਪੰਜਾਬੀ
ਵਿੱਚ ਲਿਖੀ ਮੂਲ ਰਚਨਾ ਬਣਾ ਦਿੱਤੀ ਹੈ। ਪੁਸਤਕ ਪੜ੍ਹਨ ਤੇ ਸਾਂਭਣਯੋਗ ਹੈ।
-ਮਲਕੀਤ ਸਿੰਘ
( ਪੰਜਾਬੀ ਟ੍ਰਿਬਿਊਨ 22 –ਸਤੰਬਰ – 2012 )
No comments:
Post a Comment
Comment Here