ਚਿੱਤਰਕਾਰ ਕ੍ਰਿਪਾਲ ਸਿੰਘ (1923-1990)
![]() |
ਚਿੱਤਰਕਾਰ ਕ੍ਰਿਪਾਲ ਸਿੰਘ |
ਇਸ ਮਹਾਨ ਚਿੱਤਰਕਾਰ ਦਾ ਜਨਮ 10 ਦਸੰਬਰ, 1923 ਈ: ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਵਾੜਾ ਚੈਨ ਸਿੰਘ ਵਾਲਾ ਵਿਚ ਸ: ਭਗਤ ਸਿੰਘ ਦੇ ਘਰ ਮਾਤਾ ਹਰ ਕੌਰ ਦੀ ਕੁੱਖ ਤੋਂ ਹੋਇਆ। ਸ: ਕ੍ਰਿਪਾਲ ਸਿੰਘ ਦਾ ਬਚਪਨ ਆਮ ਪੇਂਡੂ ਬੱਚਿਆਂ ਵਾਂਗ ਹੀ ਬੀਤਿਆ। ਆਪਣੇ ਪਿੰਡ ਦੇ ਨੇੜਲੇ ਕਸਬੇ ਜ਼ੀਰਾ ਤੋਂ ਦਸਵੀਂ ਪਾਸ ਕਰਕੇ ਇਸ ਨੇ ਲਾਹੌਰ ਦੇ ਐਸ. ਡੀ. ਕਾਲਜ ਵਿਚ ਦਾਖਲਾ ਪ੍ਰਾਪਤ ਕੀਤਾ। ਇਥੋਂ ਇਨ੍ਹਾਂ ਐਫ. ਐਸ. ਸੀ. (ਨਾਨ-ਮੈਡੀਕਲ) ਦਾ ਇਮਤਿਹਾਨ ਪਾਸ ਕੀਤਾ।
1942 ਈ: ਵਿਚ ਇਹ ਮਿਹਨਤੀ ਨੌਜਵਾਨ ਪੜ੍ਹਾਈ ਵਿਚਕਾਰ ਛੱਡ
ਕੇ ਮਿਲਟਰੀ ਅਕਾਊਂਟਸ ਡਿਪਾਰਟਮੈਂਟ ਵਿਚ ਭਰਤੀ ਹੋ ਗਿਆ। 1942 ਤੋਂ 1947 ਤੱਕ ਲਗਾਤਾਰ ਇਸੇ
ਵਿਭਾਗ ਵਿਚ ਕਾਰਜਸ਼ੀਲ ਰਿਹਾ। ਕਲਾ ਪ੍ਰੇਮੀ ਹੋਣ ਕਰਕੇ ਪੜ੍ਹਾਈ ਅਤੇ ਨੌਕਰੀ ਦੌਰਾਨ ਆਪਣੇ ਘਰ ਵਿਚ
ਹੀ ਵੱਖ-ਵੱਖ ਘਟਨਾਵਾਂ ਅਤੇ ਉੱਘੇ ਵਿਅਕਤੀਆਂ ਦੇ ਚਿੱਤਰ ਅਤੇ ਖਾਕੇ ਬਣਾ ਕੇ ਆਪਣੇ ਆਲੇ-ਦੁਆਲੇ
ਸਮਾਜ ਵਿਚ ਵਸਦੇ ਕਲਾ ਦੇ ਪਾਰਖੂਆਂ ਤੋਂ ਭਰਪੂਰ ਪ੍ਰਸੰਸਾ ਪ੍ਰਾਪਤ ਕਰਦਾ ਰਿਹਾ। 1947 ਈ: ਵਿਚ
ਦੇਸ਼ ਵੰਡਿਆ ਗਿਆ, ਸ: ਕ੍ਰਿਪਾਲ ਸਿੰਘ ਵਰਗੇ ਕਲਾ-ਪ੍ਰੇਮੀ ਦੇ ਮਨ 'ਤੇ ਗਹਿਰੀ ਸੱਟ ਵੱਜੀ। ਲਾਹੌਰ ਛੱਡ ਕੇ ਜਲੰਧਰ ਆਉਣਾ
ਪਿਆ। ਸ: ਕ੍ਰਿਪਾਲ ਸਿੰਘ ਨੇ ਹੁਣ ਮਨ ਬਣਾ ਲਿਆ ਕਿ ਚਿੱਤਰਕਾਰੀ ਦੇ ਕਿੱਤੇ ਨੂੰ ਹੀ ਅਪਣਾਉਣਾ
ਪਵੇਗਾ।ਇੱਥੇ ਕੁਝ ਸਮਾਂ ਆਲ ਇੰਡੀਆ ਰੇਡੀਓ ਵਿੱਚ ਨੌਕਰੀ ਕੀਤੀ। ਇੱਥੇ ਰੂਸੀ ਚਿੱਤਰਕਾਰਾਂ ਦਾ ਕੰਮ
ਕਿਤਾਬਾਂ ਵਿੱਚ ਵੇਖਕੇ ਬਹੁਕ ਪ੍ਰਭਾਵਿਤ ਹੋਏ ਅਤੇ ਸਿੱਖ ਇਤਿਹਾਸ ਨੂੰ ਚਿੱਤਰਨ ਦਾ ਮਨ ਬਣਾ ਲਿਆ।
ਆਪ ਨੇ ਸਿੱਖ ਇਤਿਹਾਸ ਦੇ ਚਿੱਤਰਬਣਾ ਪ੍ਰਦਰਸ਼ਨੀ ਲਗਾਈ, ਜਿਸਦੀ ਖੂਬ ਸ਼ਲਾਘਾ ਹੋਈ। ਇਸੇ ਕਿੱਤੇ ਵਿਚ
ਸਫਲਤਾ ਦੀਆਂ ਪੌੜੀਆਂ ਚੜ੍ਹਦਾ ਅਤੇ ਕਿਸਮਤ-ਅਜ਼ਮਾਈ ਕਰਦਾ ਇਹ ਮਹਾਨ ਕਲਾਕਾਰ ਦੇਸ਼ ਦੀ ਰਾਜਧਾਨੀ
ਦਿੱਲੀ ਜਾ ਵਸਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰੀ ਸਿੱਖ
ਅਜਾਇਬ-ਘਰ ਦੇ ਇਤਿਹਾਸਕ ਚਿੱਤਰਾਂ ਦੀਆਂ ਸੇਵਾਵਾਂ ਲਈ ਬੁਲਾਇਆ। ਇਸ ਅਜਾਇਬ-ਘਰ ਦੀ ਸੇਵਾ ਨੂੰ ਬੜੀ
ਤਨਦੇਹੀ ਨਾਲ ਨਿਭਾਇਆ। 1962 ਈ: ਵਿਚ ਸ: ਕ੍ਰਿਪਾਲ ਸਿੰਘ ਦਿੱਲੀ ਚਲੇ ਗਏ। ਉਥੇ ਗੁਰਦੁਆਰਾ ਬੰਗਲਾ
ਸਾਹਿਬ ਲਈ ਅਨੇਕਾਂ ਬਹੁਮੁੱਲੇ ਚਿੱਤਰ ਬਣਾਏ। ਇਸ ਦੇ ਨਾਲ-ਨਾਲ ਸਿੱਖ ਰੈਜਮੈਂਟ ਸੈਂਟਰ ਲਈ ਵੀ ਚਿੱਤਰਕਾਰੀ ਕੀਤੀ।
ਦਿੱਲੀ ਨਿਵਾਸ ਦੌਰਾਨ ਸ: ਕ੍ਰਿਪਾਲ ਸਿੰਘ ਦਾ ਮਿਲਾਪ ਕਲਾ-ਪਾਰਖੂ ਸ: ਮਹਿੰਦਰ ਸਿੰਘ ਰੰਧਾਵਾ ਨਾਲ
ਹੋਇਆ। ਇਸ ਤੋਂ ਇਲਾਵਾ ਸ: ਕ੍ਰਿਪਾਲ ਸਿੰਘ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤੀਜੀ ਸ਼ਤਾਬਦੀ
ਸਮੇਂ ਗੁਰੂ ਤੇਗ ਬਹਾਦਰ ਮਿਊਜ਼ੀਅਮ ਸ੍ਰੀ ਅਨੰਦਪੁਰ ਸਾਹਿਬ ਨੂੰ ਸਖਤ ਮਿਹਨਤ ਨਾਲ ਤਿਆਰ ਕੀਤਾ।
ਸ: ਕ੍ਰਿਪਾਲ ਸਿੰਘ ਦੀ ਚਿੱਤਰਕਾਰੀ ਨੂੰ ਉਦੋਂ ਹੋਰ
ਉਤਸ਼ਾਹ ਮਿਲਿਆ, ਜਦੋਂ ਉਨ੍ਹਾਂ ਸਾਹਿਬਜ਼ਾਦਾ ਅਜੀਤ ਸਿੰਘ ਮੈਮੋਰੀਅਲ, ਐਸ. ਏ. ਐਸ. ਨਗਰ (ਮੁਹਾਲੀ) ਵਿਖੇ ਤਿਆਰ ਕੀਤਾ। ਇਸ ਤੋਂ
ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬ ਦੀ ਵਿਰਾਸਤ ਨੂੰ ਚਿੱਤਰਿਆ। ਗੁਰਦੁਆਰਾ
ਮੈਹਦੇਆਣਾ ਸਾਹਿਬ, ਜਗਰਾਉਂ ਅਤੇ ਗਦਰ ਪਾਰਟੀ ਮੈਮੋਰੀਅਲ ਮਿਊਜ਼ੀਅਮ ਲਈ ਵੀ
ਉਨ੍ਹਾਂ ਬੇਸ਼ਕੀਮਤੀ ਚਿੱਤਰ ਬਣਾਏ।
ਸ: ਕ੍ਰਿਪਾਲ ਸਿੰਘ ਆਰਟਿਸਟ ਨੂੰ ਅਨੇਕਾਂ ਸੰਸਥਾਵਾਂ ਨੇ
ਸਮੇਂ-ਸਮੇਂ ਬਹੁਤ ਸਾਰੇ ਮਾਣ-ਸਨਮਾਨ ਦਿੱਤੇ। ਪੰਜਾਬ ਆਰਟਸ ਕੌਂਸਲ ਵੱਲੋਂ ਸਰਬੋਤਮ ਚਿੱਤਰਕਾਰ
ਵਜੋਂ 1981 ਈ: ਵਿਚ ਸਨਮਾਨਿਤ ਕੀਤਾ ਗਿਆ। ਆਪਣੇ ਆਖਰੀ ਸਾਹਾਂ ਤੱਕ ਇਹ ਮਹਾਨ ਚਿੱਤਰਕਾਰ ਕਲਾ ਨੂੰ
ਸਮਰਪਿਤ ਹੋ ਕੇ ਜੀਵਿਆ। 26 ਅਪ੍ਰੈਲ,
1990 ਨੂੰ ਪੰਜਾਬੀ ਜੀਵਨ ਦਾ
ਮਹਾਨ ਚਿਤੇਰਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਜਿਸ ਸਫ਼ਲਤਾ ਨਾਲ ਸਿੱਖ ਇਤਿਹਾਸ ਨੂੰ ਸ:
ਕ੍ਰਿਪਾਲ ਸਿੰਘ ਆਰਟਿਸਟ ਨੇ ਚਿੱਤਰਿਆ,
ਉਸ ਦੇਣ ਦੇ ਬਦਲੇ ਵਿਚ ਸਮੁੱਚਾ
ਸਿੱਖ ਜਗਤ, ਭਾਵੇਂ ਉਹ ਦੇਸ਼ ਵਿਚ ਵਸਦਾ ਹੈ, ਭਾਵੇਂ ਵਿਦੇਸ਼ ਵਿਚ, ਅੱਜ ਵੀ ਉਨ੍ਹਾਂ ਨੂੰ ਬੜੇ ਸਤਿਕਾਰ ਨਾਲ ਯਾਦ ਕਰਦਾ ਹੈ। ਪੰਜਾਬ ਦੀਆਂ ਇਤਿਹਾਸਕ ਘਟਨਾਵਾਂ
ਨੂੰ ਸਾਡੇ ਘਰਾਂ, ਅਜਾਇਬ-ਘਰਾਂ ਤੱਕ ਪਹੁੰਚਾਉਣ ਵਾਲਾ ਇਹ ਮਹਾਨ ਨਿਸ਼ਠਾਵਾਨ
ਚਿੱਤਰਕਾਰ ਸ: ਕ੍ਰਿਪਾਲ ਸਿੰਘ ਅਜਿਹਾ ਚਿੱਤਰਕਾਰ ਸੀ,
ਜਿਸ ਦੇ ਬੁਰਸ਼ ਦੀ ਛੂਹ ਨੂੰ ਅੱਜ
ਵੀ ਹਰ ਉੱਭਰ ਰਿਹਾ ਚਿੱਤਰਕਾਰ ਤੇ ਕਲਾ ਪ੍ਰੇਮੀ ਸਿਰ ਝੁਕਾਉਂਦਾ ਹੈ।
ਚਿੱਤਰਕਾਰ ਕ੍ਰਿਪਾਲ ਸਿੰਘ ਦੀਆਂ ਕੁਝ ਪੇਂਟਿੰਗਾਂ
No comments:
Post a Comment
Comment Here