ਚਿੱਤਰਕਾਰ ਸੋਭਾ ਸਿੰਘ (Sobha Singh (1901–1986) )
![]() |
ਚਿੱਤਰਕਾਰ ਸੋਭਾ ਸਿੰਘ |
ਸੋਭਾ ਸਿੰਘ ਦੇ ਦਾਦਾ ਛੱਤਰ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਨੌਕਰੀ ਕਰਦੇ ਸਨ। ਉਨ੍ਹਾਂ ਦੇ ਪਿਤਾ ਦੇਵਾ ਸਿੰਘ ਭਾਰਤੀ ਫ਼ੌਜ ਵਿੱਚ ਸਰਵੇਅਰ ਸਨ। ਉਹ ਇੱਕ ਚੰਗੇ ਘੋੜਸਵਾਰ ਤੇ ਪੇਂਟਰ ਸਨ। ਸੋਭਾ ਸਿੰਘ ਦਾ ਜਨਮ 29 ਨਵੰਬਰ 1901 ਨੂੰ ਸ੍ਰੀ ਹਰਗੋਬਿੰਦਪੁਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ। ਪੰਜ ਵਰ੍ਹਿਆਂ ਦੀ ਉਮਰ ਵਿਚ ਮਾਂ ਦਾ ਸਾਇਆ ਸਿਰ ਤੋਂ ਉਠ ਗਿਆ।
ਦਰਿਆ ਬਿਆਸ ਦੇ ਕਿਨਾਰੇ ਵਸੇ ਅਪਣੇ ਪਿੰਡ
ਸ੍ਰੀ ਹਰਿਗੋਬਿੰਦਪੁਰ (ਗੁਰਦਾਸਪੁਰ) ਰਹਿੰਦਿਆਂ ਹੀ ਉਨ੍ਹਾਂ ਦੇ ਅੰਦਰਲਾ ਕਲਾਕਾਰ ਦੀ ਰੂਹ ਪੈਦਾ
ਹੋਈ। ਇਹ ਲੰਬਾ ਪਤਲਾ ਬਾਲਕ ਅਪਣੀਆਂ ਛੋਟੀ ਛੋਟੀ ਉਂਗਲੀਆਂ ਨਾਲ ਰੇਤ ਦੇ ਘਰ ਬਣਾਉਣ ਦੇ ਨਾਲ ਕੋਈ
ਅਜੇਹਾ ਚਿਹਰਾ ਬਣਾਉਣ ਦਾ ਯਤਨ ਕਰਦਾ ਜੋ ਉਸ ਦੀ ਮਾਂ ਨਾਲ ਮਿਲਦਾ ਹੋਵੇ। ਫਿਰ ਗਿਆਰਾਂ ਵਰ੍ਹਿਆਂ
ਸੰਨ 1967 ਵਿੱਚ ਪਿਛੋਂ ਪਿਤਾ ਵੀ ਤੁਰ ਗਏ। ਬਾਲਕ ਸੋਭਾ ਸਿੰਘ ਨੂੰ ਭੈਣ ਲਛਮੀ ਦੇਵੀ ਨੇ
ਸੰਭਾਲਿਆ। ਸੰਨ 1915 ਵਿੱਚ ਇੰਡਸਟ੍ਰੀਅਲ ਸਕੂਲ ਅੰਮ੍ਰਿਤਸਰ ਤੋਂ ਆਰਟ ਐਂਡ ਕਰਾਫ਼ਟ ਦਾ ਡਿਪਲੋਮਾ
ਪਾਸ ਕੀਤਾ ਤੇ ਅਪਣੇ ਓਵਰਸੀਅਰ ਜੀਜਾ ਜੀ ਤੋਂ ਨਕਸ਼ਾ-ਨਵੀਸੀ ਦਾ ਕੰਮ ਸਿੱਖਿਆ।
ਅਠਾਰਾਂ ਸਾਲ ਦੀ ਉਮਰ ਵਿਚ ਸਤੰਬਰ 1919 ਵਿਚ ਫੌਜ ਵਿਚ ਨਕਸ਼ਾ-ਨਵੀਸ ਭਰਤੀ ਹੋ ਕੇ ਬਗ਼ਦਾਦ
ਚਲੇ ਗਏ। ਉਥੇ ਅੰਗਰੇਜ਼ ਅਧਿਕਾਰੀਆਂ ਨੇ ਉਨ੍ਹਾਂ ਦੇ ਬਣਾਏ ਚਿੱਤਰਾਂ ਦੀ ਕੇਵਲ ਸ਼ਲਾਘਾ ਹੀ ਨਹੀਂ
ਕੀਤੀ, ਸਗੋਂ ਪ੍ਰੇਰਨਾ ਤੇ ਉਤਸ਼ਾਹ ਦੇਣ ਲਈ ਪ੍ਰਸਿੱਧ
ਚਿੱਤਰਕਾਰਾਂ ਦੀਆਂ ਜੀਵਨੀਆਂ ਤੇ ਕਲਾ-ਪੁਸਤਕਾਂ ਵੀ ਮੁਹੱਈਆ ਕਰਵਾਈਆਂ। ਫੌਜ ਦੀ ਨੌਕਰੀ ਉਨ੍ਹਾਂ
ਦੀ ਜ਼ਿੰਦਗੀ ਦਾ ਇਕ ਮਹੱਤਵਪੂਰਨ ਪੜਾਅ ਸੀ। ਇਸ ਸਮੇਂ ਹੀ ਨੌਜਵਾਨ ਸੋਭਾ ਸਿੰਘ ਨੇ ਅਪਣੀ ਜ਼ਿੰਦਗੀ
ਦਾ ਅਹਿੰਮ ਫੈਸਲਾ ਕੀਤਾ ਕਿ ਉਹ ਚਿੱਤਰਕਾਰ ਬਣੇਗਾ। ਫੌਜ ਦੀ ਨੌਕਰੀ ਛੱਡ ਕੇ ਸਾਲ 1923 ਦੌਰਾਨ
ਅੰਮ੍ਰਿਤਸਰ ਵਿਖੇ ਅਪਣਾ “ਸੁਭਾਸ਼ ਸਟੁਡਿਓ” ਸਥਾਪਤ ਕੀਤਾ।
ਉਨ੍ਹਾਂ ਦਿਨਾਂ ਵਿਚ ਅਪਣੇ ਨਾਂਅ ਨਾਲ “ਸੁਭਾਸ਼” ਤੱਖ਼ਲਸ ਵੀ ਲਿਖਿਆ
ਕਰਦੇ ਸਨ। ਇੱਥੇ ਹੀ ਸਰਦਾਰ ਹੀਰਾ ਸਿੰਘ ਦਰਾ ਨਾਲ ਮੁਲਾਕਾਤ ਹੋਈ ਅਤੇ ਉਹਨਾਂ ਦੇ ਰਸਾਲੇ
ਫੁੱਲਵਾੜੀ ਲਈ ਕਈ ਤਸਵੀਰਾਂ ਬਣਾਈਆਂ। ਸੰਨ 1923 ਨੂੰ ਵਿਸਾਖੀ ਵਾਲੇ ਦਿਨ ਉਨ੍ਹਾਂ ਦਾ ਵਿਆਹ ਗੁਰਦਾਸਪੁਰ
ਦੇ ਠੇਕੇਦਾਰ ਸਰਦਾਰ ਰਾਮ ਸਿੰਘ ਦੀ ਧੀ ਬੀਬੀ ਇੰਦਰ ਕੌਰ ਨਾਲ ਹੋਇਆ। ਸੰਨ 1925-29 ਵਿੱਚ ਲਾਹੌਰ
ਦੇ ਅਨਾਰਕਲੀ ਬਾਜ਼ਾਰ ਲਾਹੌਰ ਈਕੋ ਸਕੂਲ ਆਫ ਆਰਟ ਸਥਾਪਤ ਕੀਤਾ। ਇੱਥੇ ਹੀ ਸਰਦਾਰ ਮਹਿੰਦਰ ਸਿੰਘ
ਰੰਧਾਵਾ ਨਾਲ ਮੁਲਾਕਾਤ ਹੋਈ।
ਸੰਨ 1930-1942 ਦਿੱਲੀ ਕਨਾਟ ਸਰਕਲ ਵਿੱਚ ਸਟੂਡੀਓ ਬਣਾਇਆ ।ਇੰਡੀਅਨ ਰੇਲਵੇ ਅਤੇ ਟੈਲੀਗ੍ਰਾਫ ਡਿਪਾਰਟਮੈਂਟ ਅੲ ਪੋਸਟਰ ਬਣਾਏ। ਕਈ ਪ੍ਰਦਰਸ਼ਨੀਆਂ
ਲਗਾਈਆਂ ਤੇ ਤਮਗੇ ਹਾਸਲ ਕੀਤੇ। ਇਸ ਤਰ੍ਹਾਂ ਖ਼ੁਦ
ਨੂੰ ਇੱਕ ਚੰਗੇ ਆਰਟਿਸਟ ਵਜੋਂ ਸਥਾਪਿਤ ਕੀਤਾ।
ਸੰਨ 1942 ਤੋਂ 1944 ਦਾ ਸਮਾਂ ਉਹ ਪ੍ਰੀਤਨਗਰ ਵਿੱਚ ਵੀ ਰਹੇ। ਉਨ੍ਹਾਂ ਵੱਲੋਂ ਬਣਾਏ ਚਿੱਤਰ
ਤੇ ਡਿਜ਼ਾਈਨ ਸ. ਗੁਰਬਖ਼ਸ਼ ਸਿੰਘ ਦੇ ਮਾਸਿਕ ਪੱਤਰ ਪ੍ਰੀਤਲੜੀ ਅਤੇ ਨਾਵਲਕਾਰ ਨਾਨਕ ਸਿੰਘ ਦੇ
ਮਾਸਿਕ ਪੱਤਰ ‘ਲੋਕ ਸਾਹਿਤ’ ਦੇ ਟਾਈਟਲ ਪੇਜ ਉਤੇ
ਛਪਦੇ ਰਹੇ। ਫਿਰ ਸ਼ਿਮਲੇ ਰਹਿ ਕੇ ਨਿਸਬਤ ਰੋਡ ਲਾਹੌਰ ਵਿਖੇ ਮੁੜ ਅਪਣਾ ਸਟੁਡੀਓ ਖੋਲ੍ਹਿਆ ਅਤੇ ਇਸ
ਦੇ ਨਾਲ ਹੀ ਫਿਲਮਾਂ ਦੀ ਆਰਟ ਡਾਇਰੈਕਸ਼ਨ ਦਾ ਕੰਮ ਵੀ ਕਰਨ ਲਗੇ। ਲਾਹੌਰ ਵਿੱਚ ਸੰਨ 1946 ਵਿੱਚ ਫ਼ਿਲਮ ‘ਬੁੱਤ ਤਰਾਸ਼’ ਬਣੀ। ਉਹ ਇਸ ਫ਼ਿਲਮ ਦੇ ਆਰਟ ਡਾਇਰੈਕਟਰ ਸਨ।
ਸੰਨ 1947 ਵਿੱਚ ਵੰਡ ਵੇਲੇ ਉਹ ਆਪਣਾ 300 ਆਰਟ ਵਰਕ ਤੇ 60 ਬੇਸ਼ ਕੀਮਤੀ ਪੇਂਟਿੰਗਜ਼ ਪਿੱਛੇ
ਛੱਡ ਕੇ ਦਿੱਲੀ ਆ ਗਏ। ਕੁਝ ਸਮਾਂ ਡਾ ਮਹਿੰਦਰ ਸਿੰਘ ਰੰਧਾਵਾ ਦੇ ਪਾਸ ਅਬਾਲਾ ਰਹੇ। ਉਹਨਾਂ ਨੇ
ਸਰਹੰਦ ਕਲੱਬ ਅੰਬਾਲਾ ਛਾਉਣੀ ਵਿਖੇ ਇਹਨਾਂ ਦੀ ਪ੍ਰਦਰਸ਼ਨੀ ਲਗਵਾਈ, ਜਿਸ ਵਿੱਚ ਕਈ ਚਿੱਤਰ ਵਿਕੇ।
ਫਿਰ ਕਾਂਗੜਾ ਆ ਗਏ ਤੇ ਪੱਕੇ ਤੌਰ ’ਤੇ ਅੰਦਰੇਟਾ ਰਹਿਣ ਲੱਗੇ। ਜੰਮੂ ਕਸ਼ਮੀਰ ਦੇ ਮਹਾਰਾਜਾ
ਡਾ. ਕਰਨ ਸਿੰਘ ਨੇ 1952 ਵਿੱਚ ਸੋਹਣੀ ਮਹੀਵਾਲ ਦਾ ਚਿੱਤਰ ਖਰੀਦਿਆ। ਇਸ ਦੇ ਪ੍ਰਿੰਟ ਛਪ ਕੇ
ਫ਼ੌਜੀ ਮੈਸਾਂ ਤੇ ਪੰਜਾਬੀਆਂ ਦੇ ਘਰਾਂ ਵਿੱਚ ਲੱਗਣ ਲੱਗੇ ਤਾਂ ਚਿੱਤਰਕਾਰ ਸੋਭਾ ਸਿੰਘ ਦੀ ਸੋਭਾ
ਬਹੁਤ ਵਧ ਗਈ। ਡਾ. ਕਰਨ ਸਿੰਘ ਅਕਸਰ ਅੰਦਰੇਟੇ ਆਉਂਦੇ ਰਹਿੰਦੇ ਸਨ। ਉਹ ਅਕਸਰ ਕਲਾਕਾਰ ਨਾਲ ਧਰਮ
ਤੇ ਫਿਲਾਸਫੀ ਬਾਰੇ ਵਿਚਾਰ ਵਿਟਾਂਦਰਾ ਕਰਦੇ। ਡਾ. ਸਿੰਘ ਨੇ ਆਪਣੇ ਸ਼ਾਹੀ ਖਾਨਦਾਨ ਦੇ ਕਈ ਮੈਂਬਰਾ
ਦੇ ਚਿੱਤਰ ਵੀ ਬਣਵਾਏ ਜੋ ਇਸ ਸਮੇਂ ਅਮਰ ਮਹਿਲ ਮਿਊਜ਼ੀਅਮ ਜੰਮੂ ਵਿੱਚ ਲੱਗੇ ਹੋਏ ਹਨ। ਸੰਨ 1967
ਵਿੱਚ ਉਨ੍ਹਾਂ ਦੀ ਪਤਨੀ ਬੀਬੀ ਇੰਦਰ ਕੌਰ ਚੱਲ ਵਸੇ। ਇਸ ਤੋਂ ਬਾਅਦ ਬੀਬੀ ਗੁਰਚਰਨ ਕੈਰ ਇਹਨਾਂ
ਤਨਦੇਹੀ ਨਾਲ ਸੇਵਾ ਕਰਦੇ ਰਹੇ।
ਸੰਨ 1969 ਵਿੱਚ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਸਮੇਂ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਜੀ ਦਾ ਜੋ ਚਿੱਤਰ (ਸੱਜੇ ਹੱਥ ਨਾਲ ਅਸ਼ੀਰਵਾਦ ਦਿੰਦੇ
ਹੋਏ) ਛਪਵਾਇਆ ਉਹ ਬਹੁਤ ਹੀ ਮਕਬੂਲ ਹੋਇਆ ਤੇ ਹੁਣ ਵੀ ਆਮ ਘਰਾਂ ਵਿੱਚ ਦੇਖਿਆ ਜਾ ਸਕਦਾ ਹੈ।
ਸੰਨ 1970 ਵਿੱਚ ਪੰਜਾਬੀ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਫੈਲੋਸ਼ਿਪ ਦਿੱਤੀ। ਉਨ੍ਹਾਂ ਨੇ
ਯੂਨੀਵਰਸਿਟੀ ਨੂੰ ਆਪਣੇ ਸਮਕਾਲੀ ਪੰਜਾਬੀ ਲੇਖਕਾਂ ਦੇ ਪੋਰਟਰੇਟ ਬਣਾ ਕੇ ਦਿੱਤੇ। ਇਸ ਤੋਂ ਬਿਨਾਂ
ਕਈ ਫ਼ੌਜੀ ਰੈਜਮੈਂਟਾਂ ਤੇ ਜਨਰਲ ਕਰਿਆਂਪਾ ਸਮੇਤ ਕਈ ਫ਼ੌਜੀ ਜਰਨੈਲ਼ਾਂ ਦੇ ਚਿੱਤਰ ਵੀ ਬਣਾਏ।
ਉਨ੍ਹਾਂ ਨੂੰ 1972 ਵਿੱਚ ਅਧਰੰਗ ਦਾ ਹਲਕਾ ਝਟਕਾ
ਲੱਗਣ ਕਾਰਨ ਇਲਾਜ ਚੱਲ ਰਿਹਾ ਸੀ। ਉਸ ਸਮੇਂ ਪੰਜਾਬ ਦੇ ਗਵਰਨਰ ਡਾ.ਡੀ.ਸੀ. ਪਾਵਟੇ ਤੇ ਫਿਰ
ਐਮ.ਐਮ. ਚੌਧਰੀ ਅੰਦਰੇਟਾ ਉਨ੍ਹਾਂ ਨੂੰ ਮਿਲਣ ਆਏ। ਉਨ੍ਹਾਂ ਸਲਾਹ ਦਿੱਤੀ ਕਿ ਪੰਜਾਬ ਆ ਜਾਓ, ਸਰਕਾਰ ਸਿਹਤ ਸਮੇਤ ਸਭ ਸਹੂਲਤਾਂ ਪ੍ਰਦਾਨ ਕਰੇਗੀ। ਇਸ ਮੰਤਵ ਲਈ ਚੰਡੀਗਡ਼੍ਹ ਤੇ ਛੱਤਬੀੜ ਦੇ
ਵਿਚਕਾਰ ਇੱਕ ਰਮਣੀਕ ਥਾਂ ਪਸੰਦ ਕੀਤੀ ਗਈ ਪਰ ਸਰਕਾਰ ਦੀਆਂ ਕਈ ਸ਼ਰਤਾਂ ਕਾਰਨ ਗੱਲਬਾਤ ਸਿਰੇ ਨਾ
ਚੜ੍ਹ ਸਕੀ। ਇਸੇ ਸਾਲ ਉਹ ਪੰਜਾਬ ਸਰਕਾਰ ਵੱਲੋਂ ਯੂ.ਕੇ. ਗਏ।
ਸੰਨ 1973 ਵਿੱਚ ਯੂਨੀਅਨ ਮਨਿਸਟਰੀ ਆਫ ਇਨਫਰਮੇਸ਼ਨ ਤੇ ਬਰਾਡਕਾਸਟਿੰਗ ਨੇ ਉਨ੍ਹਾਂ ਬਾਰੇ
ਦਸਤਾਵੇਜ਼ੀ ਫ਼ਿਲਮ ਬਣਾਈ ਜੋ ਮੁੱਖ ਭਾਰਤੀ ਭਾਸ਼ਾਵਾਂ ਵਿੱਚ ਡਬ ਕੀਤੀ ਗਈ।
ਸੰਨ 1974 ਵਿੱਚ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਸਟੇਟ ਆਰਟਿਸਟ ਮੰਨਿਆ ਤੇ ਉਨ੍ਹਾਂ ਦੇ
ਸਤਿਕਾਰ ਵਿੱਚ ਦਸਤਾਵੇਜ਼ੀ ਬਣਾਈ।
ਸੰਨ 1978 ਵਿੱਚ ਰੋਮ ਦੇ ਇਤਿਹਾਸਕ ਸਮਾਰਕ ਤੇ ਆਰਟ ਗੈਲਰੀਆਂ ਦੇਖਣ ਨਾਲ ਉਨ੍ਹਾਂ ਦੀ ਕਲਾ
ਹੋਰ ਵੀ ਨਿਖਰੀ।
ਸੰਨ 1982 ਵਿੱਚ ਪੰਜਾਬ ਆਰਟ ਕੌਂਸਲ ਨੇ ਉਨ੍ਹਾਂ ਨੂੰ ਉੱਤਮ ਐਵਾਰਡ ਨਾਲ ਸਨਮਾਨਿਆ ਕੀਤਾ।
ਸੰਨ 1983 ਵਿੱਚ ਭਾਰਤ ਸਰਕਾਰ ਨੇ ਸੋਭਾ ਸਿੰਘ ਨੂੰ ਪਦਮ ਸ੍ਰੀ ਖਿਤਾਬ ਦਿੱਤਾ। ਇਸ ਪਿੱਛੋਂ
ਦੇਸ਼ ਦੀਆਂ ਕਈ ਸੰਸਥਾਵਾਂ ਨੇ ਉਨ੍ਹਾਂ ਨੂੰ ਸਨਮਾਨਿਆ। ਸੰਨ 1984 ਵਿੱਚ ਬੀ.ਬੀ.ਸੀ. ਲੰਦਨ ਨੇ
ਉਨ੍ਹਾਂ ਬਾਰੇ ਦਸਤਾਵੇਜ਼ੀ ਫ਼ਿਲਮ ਬਣਾਈ। ਉਨ੍ਹਾਂ ਨੇ ਸਵਿਟਜ਼ਰਲੈਂਡ, ਨਾਰਵੇ, ਕੈਨੇਡਾ ਤੇ ਯੂ.ਕੇ. ਦਾ ਦੌਰਾ ਕੀਤਾ।
ਸੰਨ 1985 ਵਿੱਚ ਪੰਜਾਬੀ ਯੂਨੀਵਰਸਿਟੀ ਨੇ ਡਾਕਟਰ ਆਫ ਲਿਟਰੇਚਰ ਦੀ ਉਪਾਧੀ ਨਾਲ ਨਿਵਾਜਿਆ।
ਅਪਣੇ 85 ਸਾਲ ਦੇ ਜੀਵਨ-ਕਾਲ ਦੌਰਾਨ ਸਰਦਾਰ ਸੋਭਾ ਸਿੰਘ ਨੇ ਗੁਰੂਆਂ, ਪੀਰਾਂ, ਪੈਗੰਬਰਾਂ, ਭਗਤਾਂ, ਕੌਮੀ ਨੇਤਾਵਾਂ ਆਦਿ ਦੇ ਚਿੱਤਰਾਂ ਦੇ ਨਾਲ ਨਾਲ ਪ੍ਰੇਮ-ਕਥਾਵਾਂ ਤੇ ਅਪਣੇ ਸਭਿਆਚਾਰ ਨਾਲ
ਸੰਬਧਤ ਚਿੱਤਰ ਬਣਾਏ। ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ
ਜੀ, ਭਗਵਾਨ ਸ੍ਰੀ ਕ੍ਰਿਸ਼ਨ ਜੀ, ਭਗਵਾਨ ਸ੍ਰੀ ਰਾਮ ਚੰਦਰ ਜੀ, ਈਸਾ ਮਸੀਹ, ਹਜ਼ਰਤ ਮੀਆਂ ਮੀਰ, ਭਗਤ ਰਵਿਦਾਸ ਆਦਿ ਉਨ੍ਹਾਂ ਦੇ ਪ੍ਰਸਿੱਧ ਧਾਰਮਿਕ ਚਿੱਤਰ ਹਨ। ਉਹਨਾਂ ਸ਼ਹੀਦ ਭਗਤ ਸਿੰਘ, ਲਾਲਾ ਲਾਜਪਤ ਰਾਏ, ਮਹਾਤਮਾ ਗਾਂਧੀ, ਪੰਡਤ ਨਹਿਰੂ, ਲਾਲ ਬਹਾਦਰ ਸਾਸ਼ਤਰੀ ਵਰਗੇ ਕੌਮੀ ਨੇਤਾਵਾਂ ਦੇ ਚਿੱਤਰ ਵੀ ਬਣਾਏ ਹਨ। ਕਲਾ-ਜਗਤ ਵਿਚ
ਵਿਸ਼ੇਸ਼ ਸਥਾਨ ਉਨ੍ਹਾਂ ਦੇ ਸ਼ਾਹਕਾਰ “ਸੋਹਣੀ-ਮਹੀਂਵਾਲ” ਨੇ ਦਿਵਾਇਆ। ਇਸੇ
ਚਿੱਤਰ ਕਾਰਨ ਰਾਜ ਮਹਿਲਾਂ ਤੇ ਅਮੀਰ ਘਰਾਣਿਆ ਵਿਚ ਸਿਮਟੀ ਕਲਾ ਆਮ ਆਦਮੀ ਤਕ ਪਹੁੰਚੀ। ਇਸ
ਸ਼ਾਹਕਾਰ ਚਿੱਤਰ ਕਾਰਨ ਚਿੱਤਰਕਾਰ ਸੋਭਾ ਸਿੰਘ ਨੂੰ ਕਲਾ-ਜਗਤ ਵਿਚ ਬਹੁਤ ਪ੍ਰਸਿੱਧੀ ਮਿਲੀ।
ਸਰਦਾਰ ਸੋਭਾ ਸਿੰਘ ਕਿਸੇ ਵੀ ਚਿੱਤਰ ‘ਤੇ ਕੰਮ ਕਰਨ ਤੋਂ
ਪਹਿਲਾਂ ਉਸ ਬਾਰੇ ਵੱਧ ਤੋਂ ਵੱਧ ਸਾਹਿਤ ਦਾ ਪੂਰਾ ਅਧਿਐਨ ਕਰਦੇ ਸਨ ਅਤੇ ਫਿਰ ਕਈ ਕਈ ਹਫ਼ਤੇ, ਮਹੀਨੇ ਉਸ ਨੁੰ ਮੁਕੰਮਲ ਕਰਨ ਵਿਚ ਲਗੇ ਰਹਿੰਦੇ। ਉਨ੍ਹਾਂ ਨੇ ਕਿਸੇ ਵੀ ਚਿੱਤਰ ਲਈ ਕਿਸੇ
ਮਾਡਲ ਦੀ ਵਰਤੋਂ ਨਹੀਂ ਕੀਤੀ। ਇਤਿਹਾਸ,
ਸਭਿਆਚਾਰ, ਵਿਰਸੇ ਨਾਲ ਜੁੜੇ ਚਿੱਤਰ ਉਨ੍ਹਾਂ ਦੇ ਡੂੰਘੇ ਅਧਿਐਨ ਤੇ ਚਿੰਤਨ ਦਾ ਫ਼ਲ ਹਨ। ਇਸ ਮਹਾਨ
ਕਲਾਕਾਰ ਨੂੰ ਅਪਣੇ ਜੀਵਨ-ਕਾਲ ਦੌਰਾਨ ਯੋਗ ਸਨਮਾਨ ਮਿਲਿਆ। ਉਹ ਹਰ ਤਰ੍ਹਾਂ ਦੇ ਲਾਲਚ ਤੇ ਪ੍ਰਚਾਰ
ਤੋਂ ਦੂਰ ਰਹਿ ਕੇ ਇਕ ਰਿਸ਼ੀ ਵਾਂਗ ਕਲਾ ਸਾਧਨਾ ਕਰਦੇ ਰਹੇ।
ਸੰਨ 1986 ਵਿੱਚ 22 ਅਗਸਤ ਨੂੰ ਉਨ੍ਹਾਂ ਨੇ ਆਪਣੀ ਸੰਸਾਰਕ ਯਾਤਰਾ ਚੰਡੀਗੜ੍ਹ ਵਿਖੇ ਪੂਰੀ
ਕੀਤੀ। ਉਨ੍ਹਾਂ ਦੀਆਂ ਅੰਤਿਮ ਰਸਮਾਂ ਪੂਰੇ ਰਾਜਸੀ ਸਤਿਕਾਰ ਨਾਲ ਕੀਤੀਆਂ ਗਈਆਂ। ਅਗਸਤ 1986 ਵਿੱਚ
ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਲੇਖਕ ਦੇ ਪਰਿਵਾਰ ਨੇ ਗੈਲਰੀ ਦਾ ਨਾਂ ”ਸ. ਸੋਭਾ ਸਿੰਘ ਆਰਟ ਗੈਲਰੀ” ਰੱਖ ਦਿੱਤਾ। ਉਨ੍ਹਾਂ ਦੇ ਬਣਾਏ ਚਿੱਤਰਾਂ ਦੇ ਛਪੇ ਹੋਏ
ਪ੍ਰਿੰਟਾਂ (ਕਾਪੀਆਂ) ਦੀ ਵਿਕਰੀ ਨਾਲ ਇਸ ਗੈਲਰੀ ਦੀ ਦੇਖ ਭਾਲ ਕੀਤੀ ਜਾ ਰਹੀ ਸੀ ਪਰ ਹੁਣ
ਪਾਇਰੇਸੀ ਕਾਰਨ ਡੁਪਲੀਕੇਟ ਤਸਵੀਰਾਂ ਵਿਕਣ ਲੱਗੀਆਂ ਹਨ, ਇਹ ਆਮਦਨ ਵੀ ਬੰਦ
ਹੋ ਚੱਲੀ ਹੈ।
ਗੈਲਰੀ ਉਪਰਲੇ ਰਿਹਾਇਸ਼ੀ ਕਮਰੇ ਖਾਲੀ ਕਰਕੇ ਚਿੱਤਰਕਾਰ ਦੇ ਜੀਵਨ ਨਾਲ ਸਬੰਧਿਤ ਲਗਭਗ 100
ਫੋਟੋਆਂ, ਉਨ੍ਹਾਂ ਵੱਲੋਂ ਤਰਾਸ਼ੇ ਕਈ ਬੁੱਤ, ਉਨ੍ਹਾਂ ਦੀਆਂ 200 ਦੇ ਕਰੀਬ ਪੁਸਤਕਾਂ, ਰੰਗ ਬੁਰਸ਼, ਉਨ੍ਹਾਂ ਦੇ ਬਸਤਰ ਤੇ ਐਨਕਾਂ ਆਦਿ ਅਤੇ ਹੋਰ ਵਸਤੂਆਂ ਪ੍ਰਦਰਸ਼ਤ ਕਰਕੇ ”ਸ.ਸੋਭਾ ਸਿੰਘ ਮਿਊਜ਼ੀਅਮ” ਸਥਾਪਤ ਕੀਤਾ ਹੈ, ਜਿਸ ਦਾ ਉਦਘਾਟਨ
ਹਿਮਾਚਲ ਦੇ ਮੁਖ ਮੰਤਰੀ ਪ੍ਰੋ. ਪ੍ਰੇਮ ਕੁਮਾਰ ਧੁਮਲ ਨੇ ਇਸ ਸਾਲ 21 ਮਾਰਚ ਨੂੰ ਕੀਤਾ।
ਸੋਭਾ ਸਿੰਘ ਨੇ ਕਰੀਬ 2000 ਪੇਂਟਿੰਗਜ਼ ਬਣਾਈਆਂ ਹਨ। ਇਨ੍ਹਾਂ ਵਿੱਚੋਂ ਕਾਫ਼ੀ ਅਜਾਇਬਘਰਾਂ
ਵਿੱਚ ਸੰਭਾਲੀਆਂ ਹੋਈਆਂ ਹਨ। ਕੁਝ ਪੇਂਟਿੰਗਜ਼ ਰਾਸ਼ਟਰਪਤੀ ਭਵਨ, ਲੋਕ ਸਭਾ, ਰਾਜ ਭਵਨ, ਚੰਡੀਗੜ੍ਹ ਆਰਟ ਗੈਲਰੀ, ਅਮਰ ਮਹਿਲ ਜੰਮੂ, ਸ੍ਰੀ ਗੰਜ ਮਿਊਜ਼ੀਅਮ ਹੈਦਰਾਬਾਦ, ਸੈਂਟਰਲ ਸਿੱਖ ਮਿਊਜ਼ੀਅਮ ਅੰਮ੍ਰਿਤਸਰ,
ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਿੱਚ ਲੱਗੀਆਂ ਹੋਈਆਂ ਹਨ।
ਉਨ੍ਹਾਂ ਦੀ ਜਨਮ ਸ਼ਤਾਬਦੀ ਦੇ ਅਵਸਰ ਤੇ ਭਾਰਤ ਸਰਕਾਰ ਨੇ 29 ਨਵੰਬਰ 2001 ਨੂੰ ਇਕ ਯਾਦਗਾਰੀ
ਡਾਕ ਟਿਕਟ ਜਾਰੀ ਕੀਤਾ। ਪੰਜਾਬ ਵਿਚ ਬਾਦਲ ਸਰਕਾਰ ਅਤੇ ਹਿਮਾਚਲ ਦੀ ਪ੍ਰੋ. ਧੁਮਲ ਸਰਕਾਰ ਨੇ ਜਨਮ
ਸ਼ਤਾਬਦੀ ਰਾਜ ਪੱਧਰ ਦੇ ਸਮਾਗਮ ਆਯੋਜਿਤ ਕਰ ਕੇ ਮੰਨਾਈ। ਅੰਦਰੇਟਾ ਵਿਖੇ ਸਰਕਾਰੀ ਸੀਨੀਅਰ
ਸੈਕੰਡਰੀ ਸਕੂਲ ਦਾ ਨਾਂਅ ਉਨਾਂ ਦੇ ਨਾਂਅ ‘ਤੇ ਕੀਤਾ ਗਿਆ ਹੈ।
ਪੰਜਾਬ ਤੇ ਹਿਮਾਚਲ ਦੇ ਭਾਸ਼ਾ ਵਿਭਾਗਾਂ ਨੇ ਅਪਣੇ ਅਪਣੇ ਪਰਚਿਆਂ ਦੇ “ਸ. ਸੋਭਾ ਸਿੰਘ ਵਿਸ਼ੇਸ਼ ਅੰਕ” ਪ੍ਰਕਾਸ਼ਿਤ ਕੀਤੇ। ਬਾਦਲ ਸਰਕਾਰ ਨੇ ਕਿਸੇ ਪ੍ਰਮੁੱਖ
ਚਿੱਤਰਕਾਰ ਨੂੰ ਦੇਣ ਲਈ ਹਰ ਸਾਲ ਇਕ ਲੱਖ ਰੁਪੈ ਦਾ “ਸ. ਸੋਭਾ ਸਿਘ
ਪੁਰਸਕਾਰ” ਸਥਾਪਤ ਕੀਤਾ ਸੀ, ਪਰ ਕੈਪਟਨ ਅਮਰਿੰਦਰ
ਸਿੰਘ ਸਰਕਾਰ ਨੇ ਇਹ ਬੰਦ ਕਰ ਦਿਤਾ । ਜਨਮ ਸਤਾਬਦੀ ਦੇ ਸਰਕਾਰੀ ਪੱਧਰ ਦੇ ਸਮਾਗਮ ਸ. ਸੋਭਾ ਸਿੰਘ
ਮੈਮੋਰੀਅਲ ਆਰਟ ਸੋਸਾਇਟੀ ਅਤੇ ਘਟ ਗਿਣਤੀ ਕਮਿਸ਼ਨ ਦੇ ਤਤਕਾਲੀ ਚੇਅਰਮੈਨ ਸ. ਤਰਲੋਚਨ ਸਿੰਘ ਦੇ
ਨਿੱਜੀ ਯਤਨਾਂ ਸਦਕਾ ਮੰਨਾਏ ਗਏ। ਸੋਭਾ ਸਿੰਘ ਵੱਲੋਂ ਬਣਾਇਆ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ
ਦਾ ਤੇਲ ਚਿੱਤਰ ਸੌਥਬੀ ਦੀ ਨਿਲਾਮੀ ’ਚ 1.04 ਕਰੋੜ ਰੁਪਏ ਦਾ ਵਿਕਿਆ।
ਚਿੱਤਰਕਾਰ ਸੋਭਾ ਸਿੰਘ ਦੀਆਂ ਕੁਝ ਪੇਂਟਿੰਗਾਂ
No comments:
Post a Comment
Comment Here